ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਸਵੇਂ ਸਿੱਖ ਗੁਰੂ ਤੇ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਵਿਆਪੀ ਧਾਰਮਿਕ ਸਮਰਾਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
Publish Date: Sun, 11 Jan 2026 04:43 PM (IST)
Updated Date: Sun, 11 Jan 2026 04:45 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਸਵੇਂ ਸਿੱਖ ਗੁਰੂ ਤੇ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਵਿਆਪੀ ਧਾਰਮਿਕ ਸਮਰਾਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਛੇਹਰਟਾ ਦੇ ਇਲਾਕਾ ਸੁਭਾਸ਼ ਰੋਡ ਸਥਿਤ ਗਲੀ ਨੰਬਰ 5 ਵਿਖੇ ਮੁਹੱਲਾ ਸੁਧਾਰ ਕਮੇਟੀ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾ ਦੇ ਵੱਲੋਂ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵਕ ਬਾਪੂ ਮੰਗਲ ਸਿੰਘ ਬੂਟਿਆਂ ਵਾਲੇ ਦੀ ਦੇਖਰੇਖ ਹੇਠ ਸਰਕਾਰੀ ਪਾਰਕ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮੂਹ ਇਲਾਕਾ ਨਿਵਾਸੀਆਂ ਤੇ ਗੁਰੂ ਘਰ ਦੇ ਅਨਿਨ ਸੇਵਕਾਂ ਦੇ ਸਹਿਯੋਗ ਨਾਲ ਕਮੇਟੀ ਦੇ ਮਿਸਾਲੀ ਪ੍ਰਬੰਧਾਂ ਹੇਠ ਆਯੋਜਿਤ ਇਸ ਧਾਰਮਿਕ ਸਮਰੋਹ ਦੇ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਭਾਈ ਪ੍ਰਭ ਸਿੰਘ ਛੇਹਰਟਾ ਸਾਹਿਬ, ਭਾਈ ਸੁਰਜੀਤ ਸਿੰਘ, ਭਾਈ ਸੋਵਰਨਜੀਤ ਸਿੰਘ ਜੀਐੱਨਡੀਯੂ ਵਾਲਿਆਂ ਦੇ ਰਾਗੀ ਜਥੇ ਦੇ ਵੱਲੋਂ ਗੁਰਬਾਣੀ ਦੀ ਛਹਿਬਰ ਲਗਾਈ ਗਈ। ਕਥਾ ਵਾਚਕ ਭਾਈ ਜਸਬੀਰ ਸਿੰਘ ਪਟਿਆਲੇ ਵਾਲੇ ਵਾਲਿਆਂ ਦੇ ਵੱਲੋਂ ਕਥਾ ਦੇ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਨਾਲ ਜੋੜਿਆ ਤੇ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਵੀ ਕੀਤਾ। ਕਥਾ ਦੌਰਾਨ ਭਾਈ ਜਸਬੀਰ ਸਿੰਘ ਪਟਿਆਲੇ ਵਾਲੇ ਵਾਲਿਆਂ ਪ੍ਰਸੰਗ ਸਹਿਤ ਵਿਆਖਿਆ ਕਰਦਿਆਂ ਜਿੱਥੇ ਸਾਹਿਬ ਏ ਕਮਾਲ ਤੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਤੇ ਉਨਾਂ ਦੀ ਸ਼ੁਰੂਆਤੀ ਜ਼ਿੰਦਗੀ ਦੇ ਬਿਰਤਾਂਤ ਤੇ ਰੌਸ਼ਨੀ ਪਾਈ। ਉੱਥੇ ਦਸਮੇਸ਼ ਪਰਿਵਾਰ ਦੇ ਵੱਲੋਂ ਕੌਮ ਤੇ ਪੰਥ ਦੇ ਲਈ ਲੜੇ ਸੰਘਰਸ਼ਾਂ ਤੇ ਕੀਤੀਆਂ ਗਈਆਂ ਕੁਰਬਾਨੀਆਂ ਦੇ ਨਾਲ ਨਾਲ ਪ੍ਰਾਪਤੀਆਂ ਤੇ ਵੀ ਰੌਸ਼ਨੀ ਪਾਈ। ਭਾਈ ਪ੍ਰਭ ਸਿੰਘ ਨੇ ਦਸਮੇਸ਼ ਪਰਿਵਾਰ ਦੇ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਅਧਿਆਤਮਿਕਤਾ ਵਾਲੀ ਜੀਵਨਸ਼ੈਲੀ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦਸਮੇਸ਼ ਪਰਿਵਾਰ ਵਰਗੀ ਕੁਰਬਾਨੀ ਕਿਸੇ ਵੀ ਧਰਮ ਜਾਂ ਮੱਜਹਬ ਦੇ ਵਿੱਚ ਵੇਖਣ ਸੁਣਨ ਨੂੰ ਨਹੀਂ ਮਿਲਦੀ ਜੋ ਕਿ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿਚ ਦਰਜ ਹੈ। ਇਸ ਮੌਕੇ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਬਾਬਾ ਮੰਗਲ ਸਿੰਘ ਜੀ ਬੂਟਿਆਂ ਵਾਲਿਆਂ ਨੇ ਸਮੂਹ ਸੰਗਤਾਂ ਸ਼ਰਧਾਲੂਆਂ ਤੇ ਗੁਰੂ ਘਰ ਦੇ ਅਨਿਨ ਸੇਵਕਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਗੁਰੂ ਸਾਹਿਬ ਜੀ ਦੇ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ਅਤੇ ਅੰਮ੍ਰਿਤ ਛੱਕ ਕੇ ਗੁਰੂ ਦੇ ਲੜ ਲੱਗਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਅੱਜ ਦਾ ਦਿਨ ਬਾਣੀ ਅਤੇ ਬਾਣੇ ਦੇ ਨਾਲ ਜੁੜਨ ਦੇ ਲਈ ਅਹਿਦ ਲੈਣ ਦੇ ਦਿਵਸ ਵਜੋਂ ਵੀ ਮਨਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਸਿੱਖ ਗੁਰੂਆਂ ਦੇ ਕੁਰਬਾਨੀਆਂ ਭਰੇ ਸੁਨਹਿਰੀ ਇਤਿਹਾਸ ਤੇ ਵੀ ਚਾਨਣਾ ਪਾਇਆ। ਅੰਤ ਵਿੱਚ ਰਾਗੀ ਜਥੇ ਸਮੇਤ ਆਈਆਂ ਕਈ ਹੋਰ ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜੀਆਰਪੀ ਚੌਂਕੀ ਇੰਚਾਰਜ ਸੁਖਬੀਰ ਸਿੰਘ ਸੰਧੂ, ਜਸਵੰਤ ਸਿੰਘ, ਜੀਐਸ ਸੰਧੂ ਤੋਂ ਇਲਾਵਾ ਕਮੇਟੀ ਦੇ ਸਰਕਦਾ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।