- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾਂ ’ਤੇ ਪੁਲਸੀਆ ਤਸ਼ੱਦਦ ਵਿਰੁੱਧ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ

- ਸਰਕਾਰ ਨੇ ਅਧਿਆਪਕਾਂ ਦੇ ਮਾਣ-ਸਨਮਾਨ ਨੂੰ ਸੱਟ ਮਾਰੀ : ਅਸ਼ਵਨੀ ਅਵਸਥੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਸੁਪਰੀਮ ਕੋਰਟ ਰਾਹੀਂ ਟੈੱਟ (ਅਧਿਆਪਕ ਯੋਗਤਾ ਟੈਸਟ) ਦੀ ਬਿਲਕੁਲ ਬੇਲੋੜੀ, ਗੈਰ-ਵਿਧਾਨਿਕ ਸ਼ਰਤ ਜਬਰੀ ਥੋਪਣ, ਪੰਜਾਬ ਸਰਕਾਰ ਵਲੋਂ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਬਿੱਲ ਨਾ ਲਿਆਉਣ, ਸੁਪਰੀਮ ਕੋਰਟ ’ਚ ਰੀਵਿਊ ਪਟੀਸ਼ਨ ਦਾਖਲ ਨਾ ਕਰਨ, ਸਿੱਖਿਆ ਵਿਭਾਗ ਵਲੋਂ ਕੁਝ ਵਰਗਾਂ ਨੂੰ ਟੈੱਟ ਤੋਂ ਛੋਟ ਦੇਣ ਦਾ ਪੱਤਰ ਰੱਦ ਕਰਨ, ਸੰਘਰਸ਼ ਦੌਰਾਨ ਜਲ ਤੋਪਾਂ, ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲਿਆਂ ਦੀ ਅੰਨ੍ਹੇਵਾਹ ਵਰਤੋਂ ਕਰਕੇ ਅਧਿਆਪਕਾਂ ਨੂੰ ਜ਼ਖ਼ਮੀ ਕਰਕੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਣ-ਸਨਮਾਨ ਨੂੰ ਸੱਟ ਮਾਰਨ ਦੇ ਵਿਰੋਧ ’ਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਅਧਿਆਪਕ ਜਥੇਬੰਦੀਆਂ ਦੇ ਆਗੂਆਂ ਬਲਜਿੰਦਰ ਸਿੰਘ ਮਾਨ, ਸੁੱਚਾ ਸਿੰਘ ਟਰਪਈ, ਅਸ਼ਵਨੀ ਅਵਸਥੀ, ਅਵਤਾਰ ਸਿੰਘ, ਹਰਿੰਦਰਜੀਤ ਸਿੰਘ ਜਸਪਾਲ, ਪ੍ਰਸ਼ਾਂਤ ਕੁਮਾਰ, ਅਰਜਿੰਦਰ ਕਲੇਰ ਆਦਿ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਅਧਿਆਪਕਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਮਸਲਿਆਂ ਦੇ ਹੱਲ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਦੇ ਹਰ ਵਰਗ 'ਤੇ ਪੁਲਸੀਆ ਤਸ਼ੱਦਦ ਹੀ ਕੀਤਾ ਹੈ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹੁਣ ਤੱਕ ਲਾਗੂ ਨਹੀਂ ਕੀਤੀ ਗਈ, ਤਨਖਾਹ ਦੁਹਰਾਈ ਦੇ ਬਕਾਏ, ਨਵੇਂ ਸਕੇਲ ਰੱਦ ਕਰਕੇ ਪੰਜਾਬ ਤਨਖ਼ਾਹ ਸਕੇਲਾਂ ਦੀ ਬਹਾਲੀ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਜਾਰੀ ਕੀਤੀਆਂ ਕਿਸ਼ਤਾਂ ਦੇ ਬਕਾਏ ਮਿੱਟੀ ਘੱਟੇ ਰਲਾ ਦਿੱਤੇ ਗਏ ਹਨ, ਸੋਧਣ ਦੇ ਨਾਂ 'ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਵੀ ਜਾਰੀ ਨਹੀਂ ਕੀਤੀ ਗਈ।
ਸਕੂਲਾਂ ਵਿਚ ਅਧਿਆਪਕਾਂ ਦੀਆਂ ਅਤੇ ਸਕੂਲ ਮੁਖੀਆਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਬਣਦੀਆਂ ਤਰੱਕੀਆਂ ਨੇਪਰੇ ਚਾੜ੍ਹੀਆਂ ਹਨ। ਇਕ ਪਾਸੇ ਪੰਜਾਬ ਸਰਕਾਰ ਵਲੋਂ ਖਜਾਨਾ ਭਰੇ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ, ਪਰ ਅਧਿਆਪਕਾਂ ਦੇ ਵਿੱਤੀ ਮਸਲੇ ਹੱਲ ਨਹੀਂ ਕੀਤੇ ਜਾ ਰਹੇ, ਬਹੁਗਿਣਤੀ ਅਧਿਆਪਕ ਫਰਵਰੀ ਮਹੀਨੇ ਦੀ ਤਨਖਾਹ ਨੂੰ ਵੀ ਤਰਸ ਰਹੇ ਹਨ।
ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਿਰ ਤੇ ਛਾਂਟੀ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਇਸ ਪ੍ਰਦਰਸ਼ਨ ਵਿਚ ਜਰਮਨਜੀਤ ਸਿੰਘ ਛੱਜਲਵੱਡੀ, ਬਲਕਾਰ ਸਿੰਘ ਵਲਟੋਹਾ, ਮੰਗਲ ਸਿੰਘ ਟਾਂਡਾ ਮੰਗਲ, ਸੁਖਰਾਜ ਸਿੰਘ ਸਰਕਾਰੀਆ, ਰਕੇਸ਼ ਕੁਮਾਰ, ਹਰਵਿੰਦਰ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਹਰਵਿੰਦਰ ਸਿੰਘ, ਅਮਰੀਕ ਸਿੰਘ ਕਲੇਰ, ਗੁਰਚਰਨ ਮੌੜੇ, ਅਜੇਪਾਲ ਸਿੰਘ, ਕੰਵਲਜੀਤ ਕੌਰ ਛੱਜਲ ਵੱਡੀ, ਗੁਰਮੇਜ਼ ਸਿੰਘ ਕਲੇਰ, ਇੰਦਰਜੀਤ ਟਿੱਕਾ, ਓਂਕਾਰ ਸਿੰਘ, ਅਜੈ ਡੋਗਰਾ, ਸੁਖਰਾਜ ਮਾਹਲ, ਹਰਦੀਪ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਬਿਕਰਮਜੀਤ ਸਿੰਘ ਚੀਮਾ, ਕੁਲਬੀਰ ਸਿੰਘ ਨਾਗ, ਨਿਰਮਲ ਸਿੰਘ, ਕੰਵਲਜੀਤ ਸਿੰਘ ਨੰਗਲ, ਹੀਰਾ ਸਿੰਘ ਭੱਟੀ ਆਦਿ ਹਾਜ਼ਰ ਸਨ।