ਪੈਰਿਸ ਐਵੀਨਿਊ ਵਾਸੀ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ
ਪੈਰਿਸ ਐਵੀਨਿਊ ਦੇ ਵਸਨੀਕ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ
Publish Date: Tue, 06 Jan 2026 06:37 PM (IST)
Updated Date: Wed, 07 Jan 2026 04:06 AM (IST)

ਬੰਦ ਗਟਰਾਂ ਤੇ ਸੀਵਰੇਜ ਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਸਬੰਧਤ ਵਿਭਾਗ ਤੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ, ਛੇਹਰਟਾ : ਪਿਛਲੇ ਕਈ ਦਿਨਾਂ ਤੋਂ ਸੀਵਰੇਜ ਸਿਸਟਮ ਦੀ ਵਿਗੜਦੀ ਹਾਲਤ ਕਾਰਨ ਪੈਰਿਸ ਐਵੀਨਿਊ, ਸੰੰਨ੍ਹ ਸਾਹਿਬ ਰੋਡ ਛੇਹਰਟਾ ਦੇ ਵਸਨੀਕਾਂ ਨੇ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵਸਨੀਕ ਕੁਲਬੀਰ ਸਿੰਘ ਮਾਨ, ਕਸ਼ਮੀਰ ਸਿੰਘ ਗਿੱਲ, ਜਪਿੰਦਰ ਸਿੰਘ, ਅਰਸ਼ਦੀਪ ਸਿੰਘ, ਹਰਪਾਲ ਸਿੰਘ, ਹਰਦੀਪ ਸਿੰਘ, ਹਰਦੇਵ ਸਿੰਘ, ਜਗਬੀਰ ਸਿੰਘ, ਦਵਿੰਦਰਪਾਲ ਅਤੇ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਵਿਚ ਬੰਦ ਗਟਰਾਂ ਅਤੇ ਉਨ੍ਹਾਂ ਦੇ ਘਰਾਂ ਦੇ ਸਾਹਮਣੇ ਸੀਵਰੇਜ ਦਾ ਗੰਦਾ ਪਾਣੀ ਖੜ੍ਹੇ ਹੋਣ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਸੀਵਰੇਜ ਬੰਦ ਹੋਣ ਕਾਰਨ ਘਰਾਂ ਵਿਚ ਬਦਬੂ ਅਤੇ ਮੱਛਰਾਂ ਦਾ ਹਮਲਾ ਹੋ ਰਿਹਾ ਹੈ, ਜਿਸ ਨਾਲ ਡੇਂਗੂ, ਮਲੇਰੀਆ ਅਤੇ ਟਾਈਫਾਈਡ ਵਰਗੀਆਂ ਬੀਮਾਰੀਆਂ ਦੇ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਕਰਮਚਾਰੀ ਕਈ ਵਾਰ ਸੀਵਰੇਜ ਓਵਰਫਲੋ ਨੂੰ ਘਟਾਉਣ ਲਈ ਖਾਨਾਪੂਰਤੀ ਕਰਦੇ ਹਨ, ਪਰ ਕੁਝ ਦਿਨਾਂ ਬਾਅਦ ਉਹੀ ਸਮੱਸਿਆ ਦੁਬਾਰਾ ਆ ਜਾਂਦੀ ਹੈ। ਇਹ ਦੱਸਣਾ ਵੀ ਜ਼ਰੂਰੀ ਹੈ ਕਿ ਗੁਮਾਨਪੁਰਾ ਪ੍ਰੋਜੈਕਟ, ਜਿਸ ਨੂੰ ਛੇਹਰਟਾ ਖੇਤਰ ਤੋਂ ਸੀਵਰੇਜ ਦਾ ਨਿਕਾਸ ਕਰਨਾ ਸੀ, ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਖਾਪੜਖੇੜੀ ਪ੍ਰੋਜੈਕਟ ਵੀ ਲਗਭਗ ਬੰਦ ਹੈ। ਉਨ੍ਹਾਂ ਕਿਹਾ ਕਿ ਅਗਰ ਖਾਪੜਖੇੜੀ ਪ੍ਰੋਜੈਕਟ ਵਿਚ ਨੁਕਸਦਾਰ ਮੋਟਰਾਂ ਦੀ ਮੁਰੰਮਤ ਵੀ ਕੀਤੀ ਜਾਂਦੀ ਹੈ, ਤਾਂ ਉਸ ਨਾਲ ਵੀ ਸੀਵਰੇਜ ਦਾ ਨਿਕਾਸ ਲਈ ਕੁਝ ਰਾਹਤ ਮਹਿਸੂਸ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਭੂਮੀਗਤ ਸੀਵਰੇਜ ਪਾਈਪਾਂ ਲਗਭਗ 40-50 ਸਾਲ ਪੁਰਾਣੀਆਂ ਹਨ ਅਤੇ ਬਹੁਤ ਤੰਗ ਹਨ, ਜੋ ਨੀਵੇਂ ਖੇਤਰ ਅਤੇ ਅਕਸਰ ਰੁਕਾਵਟਾਂ ਕਾਰਨ ਸੀਵਰੇਜ ਦੇ ਸਹੀ ਨਿਕਾਸ ਨੂੰ ਰੋਕਦੀਆਂ ਹਨ। ਸਿਰਫ਼ ਅਸਥਾਈ ਸਫਾਈ ਇਸ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪੁਰਾਣੀਆਂ ਸੀਵਰੇਜ ਪਾਈਪਾਂ ਨੂੰ ਹਟਾਉਣ ਅਤੇ ਨਵੇਂ, ਚੌੜੇ ਸੀਵਰੇਜ ਪਾਈਪਾਂ ਲਗਾਉਣ ਲਈ ਇੱਕ ਸਥਾਈ ਪ੍ਰੋਜੈਕਟ ਵਿਕਸਤ ਕਰੇ, ਜਾਂ ਸੀਵਰੇਜ ਦੇ ਪਾਣੀ ਨੂੰ ਓਵਰਫਲੋ ਹੋਣ ਤੋਂ ਰੋਕਣ ਅਤੇ ਭਵਿੱਖ ਵਿਚ ਇਸ ਸਮੱਸਿਆ ਨੂੰ ਦੁਹਰਾਉਣ ਤੋਂ ਰੋਕਣ ਲਈ ਕੋਈ ਠੋਸ ਹੱਲ ਲੱਭੇ। ਅਖੀਰ ਵਿਚ ਉਨ੍ਹਾਂ ਕਿਹਾ ਕਿ ਅਗਰ ਇਸ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸਮੂਹ ਇਲਾਕਾ ਨਿਵਾਸੀ ਇਕੱਠੇ ਹੋ ਕੇ ਸਬੰਧਤ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਬਾਕਸ ਇਸ ਮੌਕੇ ਸਬੰਧਤ ਵਿਭਾਗ ਦੇ ਜੇਈ ਨਾਗਿੰਦਰ ਨੇ ਕਿਹਾ ਕਿ ਸੀਵਰੇਜ ਸਮੱਸਿਆ ਨੂੰ ਹੱਲ ਕਰਨ ਲਈ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਖੇਤਰ ਦੀ ਸੀਵਰੇਜ ਸਮੱਸਿਆ ਜਲਦੀ ਹੀ ਹੱਲ ਹੋ ਜਾਵੇਗੀ।