ਪਾਕਿਸਤਾਨ ਗਈ ਸਰਬਜੀਤ ਕੌਰ ਦੇ ਮਾਮਲੇ 'ਚ ਨਵਾਂ ਮੋੜ : ਪਤੀ ਕਰਨੈਲ ਸਿੰਘ ਨੇ ਦਿੱਤਾ ਵੱਡਾ ਬਿਆਨ, ਕਿਹਾ- ਮੈਂ ਤਿਆਰ ਹਾਂ...
ਕਰਨੈਲ ਸਿੰਘ ਨੇ ਕਿਹਾ ਕਿ ਜੇਕਰ ਸਰਬਜੀਤ ਕੌਰ ਭਾਰਤ ਵਾਪਸ ਆਉਂਦੀ ਹੈ, ਤਾਂ ਉਹ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਰਬਜੀਤ ਨੂੰ ਸਾਜ਼ਿਸ਼ ਤਹਿਤ ਬਲੈਕਮੇਲ ਕਰਕੇ ਇਸ ਹਾਲਤ ਵਿੱਚ ਪਹੁੰਚਾਇਆ ਗਿਆ ਹੈ।
Publish Date: Wed, 11 Mar 2026 03:20 PM (IST)
Updated Date: Wed, 11 Mar 2026 03:22 PM (IST)

ਅੰਮ੍ਰਿਤਸਰ: ਭਾਰਤ ਤੋਂ ਪਾਕਿਸਤਾਨ ਜਾ ਕੇ ਨਾਸਿਰ ਹੁਸੈਨ ਨਾਮਕ ਨੌਜਵਾਨ ਨਾਲ ਨਿਕਾਹ ਕਰਨ ਵਾਲੀ ਸਰਬਜੀਤ ਕੌਰ ਦੇ ਪਤੀ ਕਰਨੈਲ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਰਨੈਲ ਸਿੰਘ ਨੇ ਦਾਅਵਾ ਕੀਤਾ ਕਿ ਸਰਬਜੀਤ ਨੂੰ ਬਲੈਕਮੇਲ ਕਰਕੇ ਪਾਕਿਸਤਾਨ ਜਾਣ ਲਈ ਮਜਬੂਰ ਕੀਤਾ ਗਿਆ ਸੀ।
ਕਰਨੈਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਰੀਬ 20 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਹੇ ਹਨ। ਪਰਿਵਾਰਕ ਅਤੇ ਕਾਨੂੰਨੀ ਮਾਮਲਿਆਂ ਕਾਰਨ ਉਨ੍ਹਾਂ ਨੂੰ ਲੰਬਾ ਸਮਾਂ ਵਿਦੇਸ਼ ਰਹਿਣਾ ਪਿਆ। ਉਨ੍ਹਾਂ ਅਨੁਸਾਰ ਸਰਬਜੀਤ ਕੌਰ ਅਤੇ ਬੱਚਿਆਂ ਖ਼ਿਲਾਫ਼ ਭਾਰਤ ਵਿੱਚ ਕਈ ਕੇਸ ਦਰਜ ਹਨ, ਜਿਨ੍ਹਾਂ ਦੀ ਪੈਰਵੀ ਅਤੇ ਜ਼ਮਾਨਤ ਲਈ ਉਨ੍ਹਾਂ ਨੇ ਭਾਰੀ ਰਕਮ ਖ਼ਰਚ ਕੀਤੀ ਹੈ। ਕਰਨੈਲ ਸਿੰਘ ਮੁਤਾਬਕ ਉਹ ਹਰ ਮਹੀਨੇ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਸਰਬਜੀਤ ਦੇ ਖਾਤੇ ਵਿੱਚ ਭੇਜਦੇ ਸਨ ਤਾਂ ਜੋ ਕਾਨੂੰਨੀ ਖ਼ਰਚੇ ਪੂਰੇ ਕੀਤੇ ਜਾ ਸਕਣ।
ਸਰਬਜੀਤ ਦੀਆਂ ਅਸ਼ਲੀਲ ਤਸਵੀਰਾਂ ਭੇਜ ਕੇ ਕੀਤਾ ਬਲੈਕਮੇਲ
ਕਰਨੈਲ ਸਿੰਘ ਨੇ ਖ਼ੁਲਾਸਾ ਕੀਤਾ ਕਿ ਪਾਕਿਸਤਾਨ ਜਾਣ ਤੋਂ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਨੂੰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਰਬਜੀਤ ਦੀਆਂ ਕੁਝ ਅਸ਼ਲੀਲ ਤਸਵੀਰਾਂ ਭੇਜੀਆਂ ਗਈਆਂ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਤਸਵੀਰਾਂ ਨਾਸਿਰ ਹੁਸੈਨ ਵੱਲੋਂ ਭੇਜੀਆਂ ਗਈਆਂ ਸਨ। ਇਸ ਘਟਨਾ ਤੋਂ ਬਾਅਦ ਸਰਬਜੀਤ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਜਿਸ ਨੂੰ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਰੋਕਿਆ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਵਕੀਲ ਰਾਹੀਂ ਇਸ ਮਾਮਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਨਾਸਿਰ ਵੱਲੋਂ ਦਬਾਅ ਬਣਾਉਣ ਅਤੇ ਪੈਸੇ ਮੰਗਣ ਦਾ ਸਿਲਸਿਲਾ ਜਾਰੀ ਰਿਹਾ।
ਵੀਡੀਓ ਵਿੱਚ ਦਿਖਾਈ ਖੁਸ਼ੀ ਸਿਰਫ਼ ਦਿਖਾਵਾ
ਕਰਨੈਲ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਸਾਹਮਣੇ ਆਈਆਂ ਵੀਡੀਓਜ਼ ਵਿੱਚ ਸਰਬਜੀਤ ਨੂੰ ਖੁਸ਼ ਦਿਖਾਇਆ ਗਿਆ ਹੈ, ਪਰ ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਮੁਤਾਬਕ ਸਰਬਜੀਤ 'ਤੇ ਉੱਥੇ ਅਜਿਹੇ ਬਿਆਨ ਦੇਣ ਲਈ ਦਬਾਅ ਪਾਇਆ ਜਾਂਦਾ ਹੈ।
ਹਾਲ ਹੀ ਵਿੱਚ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਰਨੈਲ ਸਿੰਘ ਨੇ ਦੱਸਿਆ ਕਿ ਸਰਬਜੀਤ ਨੇ ਉਨ੍ਹਾਂ ਨੂੰ ਇੰਗਲੈਂਡ ਬੁਲਾਉਣ ਦੀ ਅਪੀਲ ਕੀਤੀ ਸੀ। ਇਸ 'ਤੇ ਕਰਨੈਲ ਸਿੰਘ ਨੇ ਕਿਹਾ ਕਿ ਪਹਿਲਾਂ ਉਹ ਭਾਰਤ ਵਾਪਸ ਆ ਜਾਵੇ, ਉਸ ਤੋਂ ਬਾਅਦ ਉਹ ਉਸ ਨੂੰ ਆਪਣੇ ਕੋਲ ਬੁਲਾ ਲੈਣਗੇ।
ਪਤੀ ਦਾ ਸਟੈਂਡ:
ਕਰਨੈਲ ਸਿੰਘ ਨੇ ਕਿਹਾ ਕਿ ਜੇਕਰ ਸਰਬਜੀਤ ਕੌਰ ਭਾਰਤ ਵਾਪਸ ਆਉਂਦੀ ਹੈ, ਤਾਂ ਉਹ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸਰਬਜੀਤ ਨੂੰ ਸਾਜ਼ਿਸ਼ ਤਹਿਤ ਬਲੈਕਮੇਲ ਕਰਕੇ ਇਸ ਹਾਲਤ ਵਿੱਚ ਪਹੁੰਚਾਇਆ ਗਿਆ ਹੈ।