ਪਿੰਡ ਜਗਦੇਵ ਕਲਾਂ ਵਿਖੇ ਘਰੇਲੂ ਝਗੜੇ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਘਰ 'ਤੇ ਹਮਲਾ ਕਰਕੇ ਇੱਕ ਵਿਅਕਤੀ (ਪੁਲਿਸ ਕਾਂਸਟੇਬਲ) ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਜਗਦੇਵ ਕਲਾਂ ਦੇ ਵਸਨੀਕ ਪੁਲਿਸ ਕਾਂਸਟੇਬਲ ਜਗਜੀਤ ਸਿੰਘ ਜੋ ਕਿ ਗੁਰਦਾਸਪੁਰ ਦੇ ਸੀ ਡੀ.ਐਸ.ਪੀ. ਮਨਿੰਦਰ ਸਿੰਘ ਨਾਲ ਸਿਕਿਉਰਟੀ ਗਾਰਡ ਵਜੋਂ ਤਾਇਨਾਤ ਸੀ ਅਤੇ ਕੱਲ ਸ਼ਾਮ ਨੂੰ ਡਿਊਟੀ ਤੋਂ ਵਾਪਸ ਆਪਣੇ ਘਰ ਜਗਦੇਵ ਕਲਾਂ ਵਿਖੇ ਆਇਆ ਸੀ

ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ , ਅਜਨਾਲਾ : ਪਿੰਡ ਜਗਦੇਵ ਕਲਾਂ ਵਿਖੇ ਘਰੇਲੂ ਝਗੜੇ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਘਰ 'ਤੇ ਹਮਲਾ ਕਰਕੇ ਇੱਕ ਵਿਅਕਤੀ (ਪੁਲਿਸ ਕਾਂਸਟੇਬਲ) ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਜਗਦੇਵ ਕਲਾਂ ਦੇ ਵਸਨੀਕ ਪੁਲਿਸ ਕਾਂਸਟੇਬਲ ਜਗਜੀਤ ਸਿੰਘ ਜੋ ਕਿ ਗੁਰਦਾਸਪੁਰ ਦੇ ਸੀ ਡੀ.ਐਸ.ਪੀ. ਮਨਿੰਦਰ ਸਿੰਘ ਨਾਲ ਸਿਕਿਉਰਟੀ ਗਾਰਡ ਵਜੋਂ ਤਾਇਨਾਤ ਸੀ ਅਤੇ ਕੱਲ ਸ਼ਾਮ ਨੂੰ ਡਿਊਟੀ ਤੋਂ ਵਾਪਸ ਆਪਣੇ ਘਰ ਜਗਦੇਵ ਕਲਾਂ ਵਿਖੇ ਆਇਆ ਸੀ।
ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਜਗਜੀਤ ਸਿੰਘ ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਕਿਸੇ ਘਰੇਲੂ ਝਗੜੇ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਵਸਨੀਕ ਬਲਰਾਜ ਸਿੰਘ ਜੋ ਕਿ ਉਹਨਾਂ ਦੇ ਰਿਸ਼ਤੇਦਾਰ ਵੀ ਹਨ ਅਤੇ ਉਸ ਦੇ ਪਰਿਵਾਰਿਕ ਮੈਂਬਰ ਰਾਤ ਵੀ ਉਹਨਾਂ ਦੇ ਘਰ ਆਏ ਸਨ ਅਤੇ ਰਾਤ ਉਹਨਾਂ ਦਾ ਬਚਾਅ ਹੋ ਗਿਆ, ਅੱਜ ਫਿਰ ਦਿਨ ਦੇ ਵਕਤ ਆਪਣੇ ਪਰਿਵਾਰਕ ਮੈਂਬਰ ਜਿੰਨਾਂ ਵਿੱਚ ਬਲਰਾਜ ਸਿੰਘ ਤੋਂ ਇਲਾਵਾ ਉਸ ਦਾ ਭਰਾ , ਬੇਟਾ ਚੰਨਪ੍ਰੀਤ ਸਿੰਘ, ਉਸ ਦੀ ਪਤਨੀ ਕੋਮਲ, ਸੁਖਰਾਜ ਸਿੰਘ, ਮਨਜੀਤ ਸਿੰਘ, ਗੱਜਣ ਸਿੰਘ, ਗੁਰਲਾਲ ਸਿੰਘ ਸਮੇਤ 10 ਦੇ ਕਰੀਬ ਵਿਅਕਤੀ ਜੋ ਕਿ 2 ਗੱਡੀਆਂ ਤੇ ਸਵਾਰ ਹੋ ਕੇ ਆਏ ਅਤੇ ਆਉਂਦਿਆਂ ਸਾਰ ਹੀ ਜਗਜੀਤ ਸਿੰਘ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਜਗਜੀਤ ਸਿੰਘ ਦੇ ਸਿਰ ਵਿੱਚ ਰਾਡ ਵੱਜਣ ਕਾਰਨ ਉਹ ਜਖਮੀ ਹੋ ਗਿਆ ਅਤੇ ਥੱਲੇ ਡਿੱਗ ਪਿਆ। ਜਿਸ ਦੌਰਾਨ ਕਥਿਤ ਮੁਲਜ਼ਮ ਆਪਣੇ ਰਾਡਾਂ ਅਤੇ ਡੰਡੇ ਸੋਟੇ ਲੈ ਕੇ ਆਪਣੀਆਂ ਗੱਡੀਆਂ ਤੇ ਉਸੇ ਵਕਤ ਫਰਾਰ ਹੋ ਗਏ। ਜਿਸ ਤੋਂ ਬਾਅਦ ਜਗਜੀਤ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਜਗਜੀਤ ਸਿੰਘ ਦੀ ਪਤਨੀ ਅਤੇ ਪਰਿਵਾਰਿਕ ਮੈਂਬਰਾਂ ਨੇ ਕਥਿਤ ਮੁਲਜਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਥਾਣਾ ਰਾਜਾਸਾਂਸੀ ਦੇ ਐਸਐਚ ਓ ਹਰਸਿਮਰਤ ਕੌਰ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਥਿਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਅਨੁਸਾਰ ਮ੍ਰਿਤਕ ਜਗਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਅਜਨਾਲਾ ਵਿਖੇ ਭੇਜਿਆ ਗਿਆ ਜਿੱਥੇ ਸਵੇਰੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।