ਮਹਾਸ਼ਿਵਰਾਤਰੀ ਦਾ ਤਿਉਹਾਰ ਸੂਬਾ ਪੱਧਰ ’ਤੇ ਮਨਾਉਣ ਦੀ ਮੰਗ
ਮਹਾਸ਼ਿਰਾਤਰੀ ਦਾ ਤਿਉਹਾਰ ਪੰਜਾਬ ਪੱਧਰ ਤੇ ਮਨਾਉਣ ਦੀ ਕੀਤੀ ਮੰਗ
Publish Date: Sat, 17 Jan 2026 05:03 PM (IST)
Updated Date: Sun, 18 Jan 2026 04:07 AM (IST)

ਸ਼ਿਵ ਸੈਨਾ ਪੰਜਾਬ ਨੇ ਸ਼੍ਰੀ ਦੁਰਗਿਆਣਾ ਮੰਦਰ ਤੋਂ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ, ਤਹਿਸੀਲਦਾਰ ਅੰਗਦ ਪ੍ਰੀਤ ਸਿੰਘ ਬਰਾੜ ਦੇ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਹਾਸ਼ਿਵਰਾਤਰੀ ਦਾ ਤਿਉਹਾਰ ਪੰਜਾਬ ਪੱਧਰ ਤੇ ਮਨਾਉਣ ਦੀ ਮੰਗ ਨੂੰ ਲੈਕੇ ਸ਼ਿਵ ਸੈਨਾ ਪੰਜਾਬ ਵਲੋ ਰਾਸ਼ਟਰੀ ਸੀਨੀਅਰ ਉਪ ਪ੍ਰਧਾਨ ਬਲਦੇਵ ਭਾਰਦਵਾਜ ਤੇ ਜਿਲ੍ਹਾ ਪ੍ਰਧਾਨ ਟੀਟੂ ਬਾਕਸਰ ਦੀ ਅਗਵਾਈ ਵਿਚ ਸ਼੍ਰੀ ਦੁਰਗਿਆਣਾ ਮੰਦਰ ਤੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਹਾਥੀ ਗੇਟ ਦੇ ਬਾਹਰ ਤਹਿਸੀਲਦਾਰ ਅੰਗਦਪ੍ਰੀਤ ਸਿੰਘ ਬਰਾੜ ਦੇ ਰਾਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ, ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਪਹੁੰਚੇ ਤੇ ਵੱਖ ਵੱਖ ਹਿੰਦੂ ਸੰਗਠਨਾਂ ਦੇ ਮੁੱਖ ਨੇਤਾ ਸੁਖਦੇਵ ਸਿੰਘ ਸੰਧੂ, ਰੋਹਿਤ ਮਹਾਜਨ, ਚੰਦਰ ਸੇ਼ਖਰ ਬਾਵਾ, ਵਿਪਨ ਨਈਅਰ, ਸਚਿਨ ਮਹਿਰਾ, ਅਨਿਲ ਟੰਡਨ, ਸੁਭਾਸ਼ ਭਗਤ, ਸਚਿਨ ਬਹਿਲ, ਗਣੇਸ਼ ਕੁਮਾਰ ਹੈਪੀ, ਸਲਿਲ ਬਿੱਲਾ, ਰਾਜ ਕੁਮਾਰ, ਜੁਗਲ ਲੂੰਬਾ, ਰਜਿੰਦਰ ਸ਼ਰਮਾ, ਮਹੇਸ਼ ਕੁਮਾਰ ਸ਼ਮੀ ਪਹੁੰਚੇ। ਸੰਜੀਵ ਘਨੌਲੀ, ਰਾਜੀਵ ਟੰਡਨ, ਬਲਦੇਵ ਭਾਰਦਵਾਜ ਤੇ ਟੀਟੂ ਬੌਕਸਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਹਿੰਦੂ ਸਮਾਜ ਨੇ ਵੱਧ ਚੜ ਕੇ ਵੋਟਾਂ ਪਾਈਆਂ ਸੀ ਤੇ ਸਮਾਜ ਨੂੰ ਉਮੀਦ ਸੀ ਕਿ ਬਦਲਾਵ ਵਾਲੀ ਸਰਕਾਰ ਹਿੰਦੂਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ਤੇ ਪੂਰਾ ਕਰੇਗੀ ਅਤੇ ਸਮਾਜ ਨੂੰ ਵੀ ਦੂਜੇ ਵਰਗਾਂ ਵਾਂਗ ਦਰਜਾ ਦਿੱਤਾ ਜਾਵੇਗਾ, ਪਰ ਪੰਜਾਬ ਦੀ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਹਿੰਦੂ ਸਮਾਜ ਦੇ ਨਾਲ ਵਿਤਕਰਾ ਕਰ ਰਹੀ ਹੈ, ਜੋ ਹੁਣ ਕਿਸੇ ਵੀ ਕੀਮਤ ’ਤੇ ਸਹਿਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਸ਼ਿਵਰਾਤਰੀ ਦਾ ਤਿਉਹਾਰ ਪੰਜਾਬ ਪੱਧਰ ਤੇ ਮਨਾਉਣ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਡੀਸੀ ਰਾਹੀ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜਣ ਦੀ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਅੰਮ੍ਰਿਤਸਰ ਵਿਚ ਵੀ ਤਹਿਸੀਲਦਾਰ ਅੰਗਦ ਪ੍ਰੀਤ ਸਿੰਘ ਬਰਾੜ ਰਾਹੀ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੂਜੇ ਵਰਗਾਂ ਦੇ ਤਿਉਹਾਰ ਪੰਜਾਬ ਪੱਧਰ ਤੇ ਮਨਾ ਰਹੀ ਹੈ, ਉਸੇ ਤਰ੍ਹਾਂ ਹੀ ਮਹਾ ਸ਼ਿਵਰਾਤਰੀ ਦਾ ਤਿਉਹਾਰ ਪੰਜਾਬ ਪੱਧਰ ਤੇ ਮਨਾਇਆ ਜਾਵੇ ਅਤੇ ਭੋਲੇਨਾਥ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਦਾ ਸਵਾਗਤ ਪ੍ਰਸ਼ਾਸਨ ਦੇ ਅਧਿਕਾਰੀ ਧੂਮਧਾਮ ਨਾਲ ਕਰਨ।