ਪਾਣੀ ਦੀ ਸਪਲਾਈ ’ਚ ਲੀਕੇਜ ਹੋਣ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ
ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ, ਛੋਟੇ ਜਨਤਕ ਮੁੱਦੇ ਹਮੇਸ਼ਾਂ ਵੱਡੀਆਂ ਸਮੱਸਿਆਵਾਂ ਬਣ ਜਾਂਦੇ ਹਨ। ਇਸ ਦਾ ਕਾਰਨ ਨਗਰ ਨਿਗਮ ਦੇ ਅਧਿਕਾਰੀ ਜਾਂ ਤਾਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ
Publish Date: Wed, 15 Apr 2026 04:16 PM (IST)
Updated Date: Wed, 15 Apr 2026 04:18 PM (IST)

ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਨਗਰ ਨਿਗਮ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ, ਛੋਟੇ ਜਨਤਕ ਮੁੱਦੇ ਹਮੇਸ਼ਾਂ ਵੱਡੀਆਂ ਸਮੱਸਿਆਵਾਂ ਬਣ ਜਾਂਦੇ ਹਨ। ਇਸ ਦਾ ਕਾਰਨ ਨਗਰ ਨਿਗਮ ਦੇ ਅਧਿਕਾਰੀ ਜਾਂ ਤਾਂ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ ਜਾਂ ਮੌਜੂਦਾ ਸਰਕਾਰ ਦੇ ਆਗੂਆਂ ਦੇ ਇਸ਼ਾਰੇ ਤੇ ਕੰਮ ਕਰਦੇ ਹਨ। ਇਨ੍ਹਾਂ ਮੁਸ਼ਕਲਾਂ ਸਬੰਧੀ ਇਲਾਕੇ ਦੇ ਦੁਕਾਨਦਾਰਾਂ ਅਤੇ ਨਿਵਾਸੀਆਂ ਵਲੋਂ ਗੱਲਬਾਤ ਕਰਦਿਆਂ ਹੰਸਰਾਜ, ਰਾਕੇਸ਼, ਰਮੇਸ਼, ਦੀਪਕ, ਅਨਿਲ ਕਪੂਰ ਅਤੇ ਸਾਹਿਲ ਨੇ ਦੱਸਿਆ ਕਿ ਦਵਾਈਆਂ ਵਾਲਾ ਤੋਂ ਆਜ਼ਾਦ ਰੋਡ, ਆਜ਼ਾਦ ਨਗਰ ਵਾਰਡ ਨੰਬਰ 78 ਅਤੇ 79 ਨੂੰ ਜਾਣ ਵਾਲੀ ਸੜਕ ਦੇ ਨਾਲ ਸਰਵਿਸ ਲਾਈਨ ਤੇ ਪਾਣੀ ਦੀ ਸਪਲਾਈ ਪਾਈਪ ਦੋ ਹਫ਼ਤਿਆਂ ਤੋਂ ਲੀਕ ਹੋ ਰਹੀ ਹੈ। ਉਨ੍ਹਾਂ ਨੇ ਨਗਰ ਨਿਗਮ ਜ਼ੋਨ ਨੰਬਰ 8 ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਪਰ ਸਮੱਸਿਆ ਅਜੇ ਤੱਕ ਹੱਲ ਨਹੀਂ ਹੋਈ। ਉਨ੍ਹਾਂ ਨੇ ਕਈ ਵਾਰ ਏਰੀਆ ਸੈਨੇਟਰੀ ਇੰਸਪੈਕਟਰ ਨਗੇਂਦਰ ਪ੍ਰਸ਼ਾਦ ਨੂੰ ਵੀ ਫੋਨ ਕੀਤਾ, ਜਿਨ੍ਹਾਂ ਨਾਲ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 78 ਵਿਚ ਲੀਕ ਹੋਣ ਵਾਲੀ ਪਾਣੀ ਦੀ ਪਾਈਪ ਹੁਣ ਵਾਰਡ ਨੰਬਰ 79 ਤੱਕ ਪਹੁੰਚ ਗਈ ਹੈ, ਜੋ ਕਿ ਲੁਕ ਵਾਲੀ ਸੜਕ ਦੇ ਹੇਠਾਂ ਤੋਂ ਲੰਘਦੀ ਹੈ ਅਤੇ ਪਾਣੀ ਦੇ ਲਗਾਤਾਰ ਵਹਾਅ ਕਾਰਨ ਸੜਕ ਵੀ ਟੁੱਟਣੀ ਸ਼ੁਰੂ ਹੋ ਗਈ ਹੈ, ਜੇਕਰ ਇਸ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਸ ਪਾਸ ਰਹਿੰਦੇ ਲੋਕਾਂ ਦੇ ਮਕਾਨ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਅਤੇ ਅੰਮ੍ਰਿਤਸਰ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਪਾਣੀ ਦੀ ਲੀਕੇਜ਼ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਇਸ ਸਬੰਧੀ ਨਗਰ ਨਿਗਮ ਜ਼ੋਨ 8 ਦੇ ਐਸਡੀਓ ਅਨੁਦੀਪਕ ਸਿੰਘ ਨੇ ਕਿਹਾ ਕਿ ਪਿਛਲੇ ਦੋ ਕੁ ਦਿਨਾਂ ਤੋਂ ਹੀ ਇਲਾਕਾ ਨਿਵਾਸੀਆਂ ਵੱਲੋਂ ਇਹ ਮੁਸ਼ਕਿਲ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਗਈ ਹੈ, ਜਿਸ ਨੂੰ ਜਲਦ ਹੱਲ ਕਰਵਾ ਦਿੱਤਾ ਜਾਵੇਗਾ।