ਕੱਲ੍ਹ ਮੁੱਖ ਮੰਤਰੀ ਰੱਖਣਗੇ ਬਿਕਰਾਊਰ ਕਾਲਜ ਦਾ ਨੀਂਹ ਪੱਥਰ : ਧਾਲੀਵਾਲ
19 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਰੱਖਣਗੇ ਬਿਕਰਾਊਰ ਕਾਲਜ ਦਾ ਨੀਂਹ ਪੱਥਰ - ਧਾਲੀਵਾਲ
Publish Date: Sat, 17 Jan 2026 07:14 PM (IST)
Updated Date: Sun, 18 Jan 2026 04:16 AM (IST)

ਧਾਲੀਵਾਲ ਨੇ ਲਿਆ ਪ੍ਰਬੰਧਾਂ ਦਾ ਜਾਇਜਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਜਨਾਲਾ : ਮੁੱਖ ਮੰਤਰੀ ਪੰਜਾਬ 19 ਜਨਵਰੀ ਨੂੰ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਇਸ ਸਰਹੱਦੀ ਖੇਤਰ ਦੇ ਪਿੰਡ ਬਿਕਰਾਊਰ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਾਲਜ ਦਾ ਨੀਂਹ ਪੱਥਰ ਰੱਖਣ ਲਈ ਆ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਮੌਕੇ ਹੋਣ ਵਾਲੇ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਕਰਦਿਆਂ ਦੱਸਿਆ ਕਿ ਇਸ ਇਲਾਕੇ ਦੀ ਆਜ਼ਾਦੀ ਤੋਂ ਬਾਅਦ ਚੱਲੀ ਆਉਂਦੀ ਵੱਡੀ ਮੰਗ ਕਿ ਇਸ ਇਲਾਕੇ ਵਿਚ ਕਾਲਜ ਖੋਲਿਆ ਜਾਵੇ, ਜੋ ਇਸ ਇਲਾਕੇ ਦੀ ਤਕਦੀਰ ਬਦਲੇ, ਨੂੰ ਹੁਣ ਲਗਭਗ 80 ਸਾਲ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਾ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਅਤੇ ਅੰਮ੍ਰਿਤਸਰ ਤੋਂ ਦੂਰ ਇਸ ਇਲਾਕੇ ਦੇ ਵਿਚ ਰਹਿੰਦੀ ਰਾਅ ਸਿੱਖ ਬਰਾਦਰੀ ਜੋ ਕਿ ਬੜੇ ਕਿਰਤੀ ਲੋਕ ਹਨ ਦੇ ਬੱਚੇ ਇਸ ਕਾਲਜ ਦੇ ਬਣਨ ਨਾਲ ਪੜ ਕੇ ਦੁਨੀਆ ਦੇ ਨਾਲ ਰਲਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਚੋਣਾਂ ਤੋਂ ਪਹਿਲਾਂ ਇਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਕਾਲਜ ਦੀ ਸ਼ੁਰੂਆਤ ਲਈ ਸਾਰੀ ਪ੍ਰਕਿਰਿਆ ਪੂਰੀ ਕੀਤੀ ਜਾ ਚੁੱਕੀ ਹੈ ਤੇ ਹੁਣ 19 ਜਨਵਰੀ ਨੂੰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਇਸ ਕਾਲਜ ਦਾ ਨੀਂਹ ਪੱਥਰ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਇੱਕ ਵੱਡਾ ਜਨ ਸਮੂਹ ਅਜਨਾਲਾ ਹਲਕੇ ਵਿੱਚ ਇਕੱਠਾ ਹੋਵੇਗਾ, ਜਿਸ ਨੂੰ ਮੁੱਖ ਮੰਤਰੀ ਪੰਜਾਬ ਸਮੇਤ ਹੋਰ ਸ਼ਖਸ਼ੀਅਤਾਂ ਸੰਬੋਧਨ ਕਰਨਗੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬ੍ਰਹਮ ਗਿਆਨੀ ਬਾਬਾ ਗਮਚੁੱਕ ਦੇ ਸਥਾਨ ਉੱਤੇ ਜਾ ਕੇ ਇਸ ਕਾਰਜ ਦੀ ਸਫਲਤਾ ਲਈ ਅਰਦਾਸ ਕੀਤੀ ਅਤੇ ਸਾਰੇ ਇਲਾਕਾ ਵਾਸੀਆਂ ਨੂੰ ਇਸ ਸਮਾਗਮ ਵਿਚ ਹਾਜ਼ਰ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਬਿਕਰਾਉਰ ਪੰਚਾਇਤ ਦਾ ਖਾਸ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਕਾਲਜ ਬਣਾਉਣ ਲਈ 15 ਏਕੜ ਜਮੀਨ ਬਿਲਕੁਲ ਮੁਫਤ ਸਰਕਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕਾਲਜ ਖੁੱਲ੍ਹਣ ਦੇ ਨਾਲ ਇਸ ਇਲਾਕੇ ਦੇ ਬੱਚਿਆਂ ਦੀ ਤਕਦੀਰ ਬਦਲੇਗੀ ਤੇ ਚੰਗੇ ਭਵਿੱਖ ਦੇ ਰਾਹ ਸਾਡੇ ਬੱਚੇ ਪੈਣਗੇ।