ਜਥੇਦਾਰ ਗੜਗੱਜ ਨੇ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਹੈਰੀਟੇਜ ਸਕੂਲ ਦੇ ਸਾਲਾਨਾ ਸਮਾਗਮ ’ਚ ਕੀਤੀ ਸ਼ਮੂਲੀਅਤ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਪ੍ਰਬੰਧ ਵਾਲੇ ਸਿੱਖ ਹੈਰੀਟੇਜ ਸਕੂਲ (ਪੰਜਾਬੀ ਸਕੂਲ) ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
Publish Date: Tue, 21 Apr 2026 10:36 AM (IST)
Updated Date: Tue, 21 Apr 2026 10:39 AM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ, ਪੰਜਾਬੀ ਜਾਗਰਣ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਪ੍ਰਬੰਧ ਵਾਲੇ ਸਿੱਖ ਹੈਰੀਟੇਜ ਸਕੂਲ (ਪੰਜਾਬੀ ਸਕੂਲ) ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਕਰਵਾਏ ਗਏ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਿੱਖ ਹੈਰੀਟੇਜ ਸਕੂਲ ਬੋਰਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਚਲਾਏ ਜਾ ਰਹੇ ਸਿੱਖ ਹੈਰੀਟੇਜ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ, ਜਿੱਥੇ ਹਫਤਾਵਾਰੀ ਸ਼ਨਿੱਚਰਵਾਰ ਵਾਲੇ ਦਿਨ ਕਲਾਸਾਂ ਲਗਾ ਕੇ ਸਥਾਨਕ ਬੱਚਿਆਂ ਨੂੰ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਗੁਰਮੁਖੀ ਪੰਜਾਬੀ, ਗੁਰਮਤਿ ਵਿਦਿਆ ਤੇ ਸੰਗੀਤ, ਸਿੱਖ ਇਤਿਹਾਸ ਤੇ ਸਿੱਖ ਰਹਿਤ ਮਰਯਾਦਾ, ਨਿਤਨੇਮ ਤੇ ਗੁਰਬਾਣੀ ਸੰਥਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ। ਮੌਜੂਦਾ ਸਮੇਂ ਇਸ ਸਕੂਲ ਵਿੱਚ ਹਜ਼ਾਰ ਦੇ ਕਰੀਬ ਬੱਚੇ ਗੁਰਮੁਖੀ ਅਤੇ ਗੁਰਮਤਿ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਸਮਾਗਮ ਦੌਰਾਨ ਰਾਗੀ ਜਥਿਆਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਬੱਚਿਆਂ, ਉਨ੍ਹਾਂ ਦੇ ਮਾਪਿਆਂ ਤੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ। ਇਸ ਦੌਰਾਨ ਜਥੇਦਾਰ ਗੜਗੱਜ ਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਪ੍ਰਬੰਧਕਾਂ ਵੱਲੋਂ ਸਥਾਪਤ ਕੀਤੇ ਗਏ ਸਿੱਖ ਸਪੋਰਟਸ ਕੰਪਲੈਕਸ ਦਾ ਦੌਰਾ ਕੀਤਾ, ਜਿੱਥੇ ਸਿੱਖ ਨੌਜਵਾਨਾਂ ਨੂੰ ਖੇਡ ਨਾਲ ਜੋੜਨ ਲਈ ਹਾਕੀ, ਫੁੱਟਬਾਲ, ਵਾਲੀਬਾਲ, ਕਬੱਡੀ, ਕ੍ਰਿਕਟ, ਨੈੱਟਬਾਲ, ਬਾਸਕਟਬਾਲ, ਅਥਲੀਟਾਂ ਲਈ ਟ੍ਰੈਕ ਅਤੇ ਛੋਟੇ ਬੱਚਿਆਂ ਲਈ ਖੇਡ ਮੈਦਾਨ ਤੇ ਝੂਟੇ ਆਦਿ ਦਾ ਵਧੀਆ ਪਲੇਟਫ਼ਾਰਮ ਮੁਹੱਈਆ ਕਰਵਾਇਆ ਗਿਆ ਹੈ।
ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਇਹ ਅਤਿ ਜ਼ਰੂਰੀ ਹੈ ਕਿ ਹਰੇਕ ਸਿੱਖ ਮਾਪੇ ਆਪਣੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਜ਼ਰੂਰੀ ਸਿਖਾਉਣ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਗੁਰਬਾਣੀ ਗੁਰਮੁਖੀ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਆਉਂਦੀ ਹੋਵੇਗੀ ਤਾਂ ਉਹ ਸੌਖੇ ਹੀ ਗੁਰਬਾਣੀ ਨਾਲ ਜੁੜ ਕੇ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨਗੇ।
ਜਥੇਦਾਰ ਗੜਗੱਜ ਨੇ ਸੰਗਤ ਵਿੱਚ ਹਾਜ਼ਰ ਸੈਂਕੜੇ ਬੱਚਿਆਂ ਪਾਸੋਂ ਗੁਰਮੁਖੀ ਪੈਂਤੀ ਅੱਖਰੀ ਊੜਾ ਐੜਾ ਸੁਣਿਆ ਅਤੇ ਬੱਚਿਆਂ ਨੇ ਜ਼ਬਾਨੀ ਸੁਣਾਇਆ। ਉਨ੍ਹਾਂ ਬੱਚਿਆਂ ਪਾਸੋਂ ਸਿੱਖ ਇਤਿਹਾਸ, ਪੰਜ ਕਕਾਰਾਂ ਅਤੇ ਮਰਯਾਦਾ ਸਬੰਧੀ ਵੀ ਸਵਾਲ ਜਵਾਬ ਕੀਤਾ। ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਜਥੇਦਾਰ ਗੜਗੱਜ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਜਿਸ ਤਰ੍ਹਾਂ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਜਿਵੇਂ ਨੌਜਵਾਨਾਂ ਤੇ ਬੱਚਿਆਂ ਨੂੰ ਸਿੱਖੀ, ਪੰਜਾਬੀ ਤੇ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕਰਕੇ ਪਲੇਟਫ਼ਾਰਮ ਸਥਾਪਤ ਕੀਤੇ ਗਏ ਹਨ, ਇਸ ਤੋਂ ਪ੍ਰੇਰਣਾ ਲੈ ਕੇ ਸਿੱਖ ਸੰਸਥਾਵਾਂ ਸਭ ਪਾਸੇ ਅਜਿਹੇ ਉਪਰਾਲੇ ਕਰਨ। ਇਸ ਮੌਕੇ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਬੁਲਾਰੇ ਦਲਜੀਤ ਸਿੰਘ ਆਦਿ ਹਾਜ਼ਰ ਸਨ।