ਅੰਮ੍ਰਿਤਸਰ ਹਵਾਈ ਅੱਡੇ ’ਤੇ ਸ਼ਿਕਾਇਤਾਂ ਦੇ ਬਾਵਜੂਦ ਨਹੀਂ ਰੁਕ ਰਹੀ ਪਾਰਕਿੰਗ ਫ਼ੀਸ ਦੀ ਨਾਜਾਇਜ਼ ਵਸੂਲੀ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਾਰਕਿੰਗ ਫੀਸ ਦੀ ਵੱਧ ਵਸੂਲੀ ਦਾ ਮੁੜ ਇਕ ਨਵਾਂ ਮਾਮਲਾ ਸਾਹਮਣੇ
Publish Date: Thu, 08 Jan 2026 04:33 PM (IST)
Updated Date: Thu, 08 Jan 2026 04:36 PM (IST)

ਲੱਖਾਂ ਤੱਕ ਪਹੁੰਚ ਸਕਦੀ ਹੈ ਰੋਜ਼ਾਨਾ ਨਾਜਾਇਜ਼ ਵਸੂਲੀ ਦੀ ਰਕਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪਾਰਕਿੰਗ ਫੀਸ ਦੀ ਵੱਧ ਵਸੂਲੀ ਦਾ ਮੁੜ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਕ ਯਾਤਰੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਏਅਰਪੋਰਟ ਅਥਾਰਟੀ ਨੇ ਮੁਆਫ਼ੀ ਮੰਗਦਿਆਂ ਪਾਰਕਿੰਗ ਵਾਲਿਆਂ ਵੱਲੋਂ ਲਏ ਗਏ ਵੱਧ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਹੈ, ਪਰ ਇਸ ਮੁੱਦੇ ਨੇ ਹਵਾਈ ਅੱਡੇ ਦੇ ਪ੍ਰਬੰਧਾਂ ਅਤੇ ਜਵਾਬਦੇਹੀ ਤੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ। ਹਵਾਈ ਅੱਡਾ ਡਾਇਰੈਕਟਰ ਨੂੰ ਸੌਂਪੀ ਸ਼ਿਕਾਇਤ ਅਨੁਸਾਰ ਸਤਵਿੰਦਰਜੀਤ ਸਿੰਘ ਨਾਮਕ ਵਿਅਕਤੀ 1 ਜਨਵਰੀ, 2026 ਨੂੰ ਦੁਪਹਿਰ 1:30 ਵਜੇ ਆਪਣੀ ਸਵਿਫਟ ਡਿਜ਼ਾਇਰ ਗੱਡੀ ਰਾਹੀਂ ਹਵਾਈ ਅੱਡੇ ਪਹੁੰਚਿਆ। ਤਕਰੀਬਨ ਇਕ ਘੰਟਾ ਚਾਲੀ ਮਿੰਟ ਗੱਡੀ ਪਾਰਕ ਕਰਨ ਦੇ ਉਸ ਕੋਲੋਂ 110 ਰੁਪਏ ਫੀਸ ਵਸੂਲੀ ਗਈ। ਹਵਾਈ ਅੱਡੇ ਦੇ ਅਧਿਕਾਰਤ ਰੇਟਾਂ ਅਨੁਸਾਰ, ਪਹਿਲੇ 30 ਮਿੰਟ ਲਈ 20 ਰੁਪਏ ਅਤੇ 31 ਤੋਂ 120 ਮਿੰਟ ਤੱਕ 55 ਰੁਪਏ ਫੀਸ ਤੈਅ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਪਾਰਕਿੰਗ ਸਟਾਫ਼ ਨੇ ਦਾਅਵਾ ਕੀਤਾ ਕਿ 1 ਜਨਵਰੀ ਤੋਂ ਰੇਟ ਬਦਲ ਗਏ ਹਨ, ਜਦਕਿ ਰੇਟ ਬੋਰਡ ਤੇ ਅਜਿਹਾ ਕੁਝ ਵੀ ਨਹੀਂ ਲਿਿਖਆ ਸੀ। ਸਤਵਿੰਦਰਜੀਤ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਪਾਰਕਿੰਗ ਸਟਾਫ਼ ਨੇ ਐਂਟਰੀ ਸਲਿੱਪ ਵਾਪਸ ਲੈ ਲਈ ਅਤੇ ਬਾਹਰ ਨਿਕਲਣ ਵੇਲੇ ਜੋ ਰਸੀਦ ਦਿੱਤੀ, ਉਸ ਉੱਤੇ ਨਾ ਤਾਂ ਐਂਟਰੀ ਦਾ ਸਮਾਂ ਸੀ ਅਤੇ ਨਾ ਹੀ ਗੱਡੀ ਦਾ ਨੰਬਰ, ਜਿਸ ਕਾਰਨ ਪਾਰਦਰਸ਼ਤਾ ਦੀ ਘਾਟ ਸਾਫ਼ ਨਜ਼ਰ ਆ ਰਹੀ ਸੀ। ਸ਼ਿਕਾਇਤ ਤੋਂ ਬਾਅਦ ਅਧਿਕਾਰੀਆਂ ਨੇ ਮੁਸਾਫਰ ਤੋਂ ਮੁਆਫ਼ੀ ਮੰਗੀ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਹਵਾਈ ਅੱਡਾ ਪ੍ਰਸ਼ਾਸਨ ਦਾ ਜਵਾਬ ਸ਼ਲਾਘਾਯੋਗ ਹੈ, ਪਰ ਇਹ ਕੋਈ ਇੱਕਲਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸਾਨੂੰ ਲਗਾਤਾਰ ਪਾਰਕਿੰਗ ਵਿਚ ਵੱਧ ਵਸੂਲੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਸਤਵਿੰਦਰਜੀਤ ਸਿੰਘ ਨੇ ਵੀ ਹੋਰਨਾਂ ਵਾਂਗ ਇਸ ਸੰਬੰਧੀ ਸਾਡੇ ਨਾਲ ਸੰਪਰਕ ਕੀਤਾ। ਸਾਨੂੰ ਹਰ ਮਹੀਨੇ ਕਈ ਲੋਕ ਸੋਸਲ ਮੀਡੀਆ ਰਾਹੀਂ ਵੱਧ ਫੀਸ ਲਏ ਜਾਣ ਬਾਰੇ ਸੁਨੇਹੇ ਭੇਜਦੇ ਹਨ, ਪਰ ਕੁੱਝ ਹੀ ਲੋਕ ਲਿਖਤੀ ਸ਼ਿਕਾਇਤ ਕਰਨ ਦਾ ਉਪਰਾਲਾ ਕਰਦੇ ਹਨ। ਕਈ ਵਾਰ ਮੁਸਾਫਰਾਂ ਨੂੰ ਸਹੀ ਰੇਟ ਪਤਾ ਹੋਣ ਦੇ ਬਾਵਜੂਦ ਵੀ ਸਟਾਫ਼ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦਾ। ਗੁਮਟਾਲਾ ਨੇ ਚਿੰਤਾ ਪ੍ਰਗਟਾਈ ਕਿ ਵਾਰ-ਵਾਰ ਸ਼ਿਕਾਇਤਾਂ ਅਤੇ ਮੀਡੀਆ ਰਿਪੋਰਟਾਂ ਦੇ ਬਾਵਜੂਦ ਉਹੀ ਠੇਕੇਦਾਰ ਕੰਮ ਕਰ ਰਿਹਾ ਹੈ ਅਤੇ ਦੋਸ਼ੀਆਂ ਵਿਰੁੱਧ ਕੀਤੀ ਗਈ ਕਾਰਵਾਈ ਜਾਂ ਜੁਰਮਾਨੇ ਬਾਰੇ ਕੋਈ ਲਿਖਤੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਂਦੀ। ਉਨ੍ਹਾਂ ਕਈ ਵਾਰ ਫਾਸਟੈਗ ਸਿਸਟਮ ਨੂੰ ਬੰਦ ਰੱਖਣ ਅਤੇ ਪਿੱਕ-ਅੱਪ ਐਂਡ ਡਰਾਪ ਏਰੀਏ ਵਿਚ ਗੈਰ-ਕਾਨੂੰਨੀ ਟੈਕਸੀਆਂ ਦੀ ਭਰਮਾਰ ਕਾਰਨ ਪੈਦਾ ਹੁੰਦੀ ਅਵਵਸਥਾ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਜਦੋਂ ਹਰ ਰੋਜ਼ ਹਵਾਈ ਅੱਡੇ ‘ਤੇ ਹਜ਼ਾਰਾਂ ਵਾਹਨ ਆਉਂਦੇ ਹਨ, ਤਾਂ ਪ੍ਰਤੀ ਵਾਹਨ ਸਿਰਫ 10 ਤੋਂ 50 ਰੁਪਏ ਦੀ ਵੱਧ ਵਸੂਲੀ ਵੀ ਦਿਨਾਂ ਜਾਂ ਮਹੀਨਿਆਂ ਵਿਚ ਲੱਖਾਂ ਰੁਪਏ ਤੱਕ ਪਹੁੰਚ ਸਕਦੀ ਹੈ। ਅਜਿਹੀਆਂ ਘਟਨਾਵਾਂ ਸੋਸ਼ਲ ਮੀਡੀਆ ਤੇ ਵਾਰ-ਵਾਰ ਵਾਇਰਲ ਹੁੰਦੀਆਂ ਹਨ, ਜਿਸ ਨਾਲ ਹਵਾਈ ਅੱਡੇ ਦਾ ਅਕਸ ਖ਼ਰਾਬ ਹੁੰਦਾ ਹੈ ਅਤੇ ਕੁੱਝ ਮੁਸਾਫਰ ਦਿੱਲੀ ਜਾਂ ਚੰਡੀਗੜ੍ਹ ਹਵਾਈ ਅੱਡੇ ਨੂੰ ਤਰਜੀਹ ਦੇਣ ਲੱਗ ਪੈਂਦੇ ਹਨ, ਜੋ ਕਿ ਅੰਮ੍ਰਿਤਸਰ ਦੇ ਹਵਾਈ ਸੰਪਰਕ ਲਈ ਨੁਕਸਾਨਦੇਹ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਹ ਮੁੱਦਾ ਮੀਡੀਆ ਅਤੇ ਸੋਸਲ ਮੀਡੀਆ ਰਾਹੀਂ ਉਠਾਉਂਦਿਆਂ ਏਅਰਪੋਰਟਸ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਵਿਿਪਨ ਕੁਮਾਰ (ਆਈਏਐਸ) ਤੋਂ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਪਾਰਕਿੰਗ ਪ੍ਰਬੰਧਾਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਉਣ। ਕੈਪਸ਼ਨ : ਪਾਰਕਿੰਗ ਰੇਟ ਬੋਰਡ ਤੇ ਦਰਸਾਏ ਗਏ ਰੇਟ। ਪਿੱਕ-ਅੱਪ ਐਂਡ ਡਰਾਪ ਏਰੀਏ ਵਿਚ ਲੱਗੀਆਂ ਗੈਰ-ਕਾਨੂੰਨੀ ਟੈਕਸੀਆਂ।