ਅੱਤ ਦੀ ਗਰਮੀ ਤੇ ਲੂ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ
ਸਿਹਤ ਵਿਭਾਗ ਵਲੋਂ ਅੱਤ ਦੀ ਗਰਮੀ ਤੇ ਲੂ ਤੋਂ ਬਚਣ ਲਈ ਐਡਵਾਈਜਰੀ ਜਾਰੀ
Publish Date: Tue, 21 Apr 2026 04:35 PM (IST)
Updated Date: Wed, 22 Apr 2026 04:01 AM (IST)

ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਵੱਧ ਰਹੀ ਗਰਮੀ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਗਰਮੀ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜਰੂਰਤ ਹੈ। ਗਰਮੀ ਅਤੇ ਲੂੰ ਤੋਂ ਪ੍ਰਭਾਵਿਤ ਹੋਣ ਨਾਲ ਡੀ ਹਾਈਡ੍ਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰਦਰਦ, ਉਲਟੀ, ਡਾਈਰੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਬਜੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਇਸ ਮੌਸਮ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਥਕਾਵਟ, ਬੁਖਾਰ, ਉਲਟੀਆਂ, ਦਿਲ ਦੀ ਧੜਕਣ ਤੇਜ਼ ਹੋਣ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਅਜਿਹੇ ਹਾਲਾਤਾਂ ਵਿਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਰ ਡਾਕਟਰਾਂ ਨਾਲ ਸੰਪਰਕ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੂ ਤੇ ਗਰਮੀ ਤੋਂ ਬਚਣ ਲਈ ਤਰਲ ਪਦਾਰਥ ਜਿਵੇਂ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਓਆਰਐੱਸ ਦਾ ਘੋਲ ਆਦਿ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ, ਬਾਹਰ ਜਾਣ ਤੋਂ ਪਹਿਲਾਂ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇ, ਸੂਤੀ ਅਤੇ ਹਲਕੇ ਰੰਗਾਂ ਦੇ ਕਪੜੇ ਪਹਿਨੇ ਜਾਣ, ਸੰਤੁਲਤ ਤੇ ਘਰ ਦਾ ਬਣਿਆ ਭੋਜਨ ਖਾਧਾ ਜਾਵੇ, ਧੁੱਪ ਵਿਚ ਬਾਹਰ ਜਾਣ ਤੋਂ ਗੁਰੇਜ ਕੀਤਾ ਜਾਵੇ, ਆਸ ਪਾਸ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਜਸਪਾਲ ਸਿੰਘ, ਜਿਲ੍ਹਾ ਐਮਈਆਈਓ ਅਮਰਦੀਪ ਸਿੰਘ ਹਾਜ਼ਰ ਸਨ।