‘ਆਪ’ ਦੇ ਮੁੱਖ ਬੁਲਾਰੇ ਦੀ ਸ਼ਹਿ ’ਤੇ ਰੁਕਿਆ ਨੈਸ਼ਨਲ ਹਾਈਵੇ ਪ੍ਰੋਜੈਕਟ : ਔਜਲਾ
‘ਆਪ’ ਦੇ ਮੁੱਖ ਬੁਲਾਰੇ ਦੀ ਸ਼ਹਿ ’ਤੇ ਰੁਕਿਆ ਨੈਸ਼ਨਲ ਹਾਈਵੇ ਪ੍ਰੋਜੈਕਟ – ਸੰਸਦ ਗੁਰਜੀਤ ਸਿੰਘ ਔਜਲਾ
Publish Date: Tue, 06 Jan 2026 05:44 PM (IST)
Updated Date: Wed, 07 Jan 2026 04:03 AM (IST)

ਸੁਧਾਰ ਪਿੰਡ ਦੇ ਸਰਪੰਚ ਨੂੰ ਪਰਮਿਸ਼ਨ ਹੋਣ ਦੇ ਬਾਵਜੂਦ ਮਿੱਟੀ ਨਹੀਂ ਚੁੱਕਣ ਦਿੱਤੀ ਜਾ ਰਹੀ, ਧਮਕੀਆਂ ਤੇ ਜ਼ਬਰਦਸਤੀ ਕਮਰਾ ਬਣਵਾਉਣ ਦਾ ਦਬਾਅ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ’ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਹਿ ’ਤੇ ਹੀ ਅੰਮ੍ਰਿਤਸਰ ਵਿਚ ਨੈਸ਼ਨਲ ਹਾਈਵੇ ਦਾ ਮਹੱਤਵਪੂਰਨ ਪ੍ਰੋਜੈਕਟ ਰੁਕਿਆ ਹੋਇਆ ਹੈ। ਸੰਸਦ ਔਜਲਾ ਨੇ ਅਜਨਾਲਾ ਦੇ ਪਿੰਡ ਸੁਧਾਰ ਦੇ ਸਰਪੰਚ ਨਿਸ਼ਾਨ ਸਿੰਘ ਨਾਲ ਮਿਲ ਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਹਾਈਵੇ ਲਈ ਮਿੱਟੀ ਚੁੱਕਣ ਸੰਬੰਧੀ ਸਾਰੀਆਂ ਕਾਨੂੰਨੀ ਪਰਮਿਸ਼ਨਾਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਸਰਪੰਚ ‘ਤੇ ਜ਼ਬਰਦਸਤੀ ਦਬਾਅ ਬਣਾਇਆ ਜਾ ਰਿਹਾ ਹੈ ਕਿ ਪਿੰਡ ਦੀ ਛੱਪੜ ਵਾਲੀ ਜ਼ਮੀਨ ‘ਤੇ ਉਨ੍ਹਾਂ ਦੇ ਆਦਮੀ ਲਈ ਕਮਰਾ ਬਣਾਇਆ ਜਾਵੇ, ਜੋ ਸਾਫ਼ ਤੌਰ ‘ਤੇ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਲਈ ਹੋਰ ਕਈ ਥਾਵਾਂ ਤੋਂ ਮਿੱਟੀ ਕਾਨੂੰਨੀ ਤਰੀਕੇ ਨਾਲ ਚੁੱਕੀ ਜਾ ਰਹੀ ਹੈ ਪਰ ਸਿਰਫ਼ ਸਰਪੰਚ ਨਿਸ਼ਾਨ ਸਿੰਘ ਨੂੰ ਆਪਣੇ ਹੀ ਖੇਤ ਤੋਂ ਮਿੱਟੀ ਨਹੀਂ ਕੱਢਣ ਦਿੱਤੀ ਜਾ ਰਹੀ। ਇਸ ਪਿੱਛੇ ਪਿੰਡ ਦੇ ਉਹ ਨੇਤਾ ਹਨ ਜੋ ਚੋਣਾਂ ਹਾਰ ਚੁੱਕੇ ਹਨ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ। ਸਰਪੰਚ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਝਗੜੇ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੰਸਦ ਔਜਲਾ ਨੇ ਦੱਸਿਆ ਕਿ ਇਸ ਕੰਮ ਲਈ 16 ਜੂਨ ਨੂੰ ਸਾਰੀਆਂ ਵਿਭਾਗੀ ਪਰਮਿਸ਼ਨਾਂ ਮਿਲ ਚੁੱਕੀਆਂ ਸਨ। ਕਾਗਜ਼ਾਤ ਪੁਲਿਸ ਨੂੰ ਵੀ ਵਿਖਾਏ ਗਏ, ਜਿੱਥੇ ਪੁਲਿਸ ਨੇ ਵੀ ਮੰਨਿਆ ਕਿ ਕੰਮ ਪੂਰੀ ਤਰ੍ਹਾਂ ਠੀਕ ਹੈ ਅਤੇ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਪਰ ਜਦੋਂ ਠੇਕੇਦਾਰ ਕੰਮ ਸ਼ੁਰੂ ਕਰਦਾ ਹੈ ਤਾਂ ਕਦੇ ਪੁਲਿਸ ਵੱਲੋਂ ਰੋਕ ਲੱਗ ਜਾਂਦੀ ਹੈ ਤੇ ਕਦੇ ਉਨ੍ਹਾਂ ਦੇ ਲੋਕਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਕੁਝ ਆਪ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਦੀ ਸ਼ਹਿ ’ਤੇ ਹੋ ਰਿਹਾ ਹੈ। ਉਹ ਸ਼ਾਂਤੀ ਦੀ ਗੱਲ ਤਾਂ ਕਰਦੇ ਹਨ ਪਰ ਹਕੀਕਤ ’ਚ ਉਨ੍ਹਾਂ ਦੀ ਨੱਕ ਹੇਠਾਂ ਇਹ ਸਭ ਕੁਝ ਹੋ ਰਿਹਾ ਹੈ ਅਤੇ ਲੋਕਾਂ ਨੂੰ ਜ਼ਬਰਦਸਤੀ ਟਕਰਾਅ ਵੱਲ ਧੱਕਿਆ ਜਾ ਰਿਹਾ ਹੈ। ਸੰਸਦ ਔਜਲਾ ਨੇ ਕਿਹਾ ਕਿ ਪੁਲਿਸ ਸੱਚ ਜਾਣਦੀ ਹੋਣ ਦੇ ਬਾਵਜੂਦ ਵੀ ਗੱਲ ਨਹੀਂ ਸੁਣ ਰਹੀ ਅਤੇ ਗੈਰਕਾਨੂੰਨੀ ਤਰੀਕੇ ਨਾਲ ਦੂਜੇ ਪੱਖ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਸਰਪੰਚ ਨਿਸ਼ਾਨ ਸਿੰਘ ਨੂੰ ਨੁਕਸਾਨ ਹੋ ਰਿਹਾ ਹੈ, ਸਗੋਂ ਪੂਰੇ ਖੇਤਰ ਨੂੰ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਰੁਕਿਆ ਹੋਇਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਹਾਲਾਤ ਨਾ ਸੁਧਰੇ ਅਤੇ ਕੋਈ ਅਣਹੋਣੀ ਵਾਪਰੀ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਕੁਲਦੀਪ ਸਿੰਘ ਧਾਲੀਵਾਲ ਦੀ ਹੋਵੇਗੀ। ਇਸ ਮੌਕੇ ਸਰਪੰਚ ਨਿਸ਼ਾਨ ਸਿੰਘ ਨੇ ਕਿਹਾ ਕਿ ਉਹ ਡੀਐਸਪੀ ਤੋਂ ਲੈ ਕੇ ਡੀਆਈਜੀ ਦਫ਼ਤਰ ਤੱਕ ਕਈ ਵਾਰ ਗੁਹਾਰ ਲਾ ਚੁੱਕੇ ਹਨ। ਉੱਥੋਂ ਉਨ੍ਹਾਂ ਨੂੰ ਕੰਮ ਸ਼ੁਰੂ ਕਰਨ ਲਈ ਕਿਹਾ ਜਾਂਦਾ ਹੈ ਪਰ ਜਿਵੇਂ ਹੀ ਕੰਮ ਸ਼ੁਰੂ ਹੁੰਦਾ ਹੈ, ਪੁਲਿਸ ਆ ਕੇ ਰੋਕ ਲਗਾ ਦਿੰਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਧਮਕੀਆਂ ਦੇਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦਾ ਰੁਕਿਆ ਹੋਇਆ ਮਿੱਟੀ ਦਾ ਕੰਮ ਤੁਰੰਤ ਮੁੜ ਸ਼ੁਰੂ ਕਰਵਾਇਆ ਜਾਵੇ।