ਗਿਆਨੀ ਗੌਹਰ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਆਪਣੇ ਅਹੁਦੇ ਤੋਂ ਲਾਂਭੇ ਹੋ ਕੇ ਕੌਮ ਨੂੰ ਦੱਸਣ ਕਿ ਉਹਨਾਂ ਨੇ ਹੁਣ ਤੱਕ ਦੇਸ਼ ਵਿਦੇਸ਼ਾਂ ਵਿਚੋਂ ਕਿੰਨੀ ਮਾਇਆ ਇਕੱਠੀ ਕੀਤੀ ਹੈ ਅਤੇ ਉਸ ਮਾਇਆ ਵਿਚੋਂ ਕਿੰਨੇ ਮਾਇਆ ਗੁਰੂ ਦੀ ਗਲਿਕ ਵਿਚ ਜਮ੍ਹਾ ਕਰਵਾਈ ਹੈ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਤੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਸ਼੍ਰੋਮਣੀ ਕਮੇਟੀ ਪ੍ਰਤੀ ਲਗਾਏ ਜਾ ਰਹੇ ਦੋਸ਼ਾਂ ਦਾ ਸਪੱਸ਼ਟੀਕਰਨ ਲੈ ਕੇ ਢੁੱਕਵੀਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਮੰਗ ਪੱਤਰ ਲੈ ਕੇ ਪਹੁੰਚੇ ਗਿਆਨੀ ਗੌਹਰ ਨੇ ਕਿਹਾ ਕਿ ਜਦੋਂ ਇਹ ਦੋਵੇਂ ਜਥੇਦਾਰ ਦੀ ਸੇਵਾ ਕਰ ਰਹੇ ਸਨ ਤਾਂ ਇਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਕਦੇ ਕੋਈ ਗਲਤੀ ਨਜ਼ਰ ਨਹੀਂ ਆਈ। ਅੱਜ ਅਹੁਦਿਆਂ ਨਿੱਘ ਮਾਣਨ ਤੋਂ ਬਾਅਦ ਇਨ੍ਹਾਂ ਦੋਹਾਂ ਸਾਬਕਾ ਜਥੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਦਾ ਪੂਰਾ ਢਾਂਚਾ ਹੀ ਚਰਮਰਾਇਆ ਲੱਗ ਰਿਹਾ ਹੈ। ਗਿਆਨੀ ਗੌਹਰ ਨੇ ਪੰਥ ਵਿਚ ਦੁਬਿਧਾ ਪੈਦਾ ਕਰਨ ਦੇ ਬਿਆਨਾਂ ‘ਤੇ ਟਿੱਪਣੀ ਕਰਦਿਆ ਕਿਹਾ ਕਿ ਪੰਥ ਨੇ ਇਨ੍ਹਾਂ ਨੂੰ ਵੱਡੀਆਂ ਪਦਵੀਆਂ ਦੇ ਕੇ ਸਨਮਾਨ ਦਿੱਤਾ ਸੀ ਤੇ ਉਹ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਕੇ ਕੌਮ ਨਾਲ ਧ੍ਰੋਹ ਕਮਾ ਰਹੇ ਹਨ। ਗਿਆਨੀ ਗੌਹਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਅਤੇ ਇਸ ਸੰਸਥਾ ਦੇ ਇੱਕ ਇਮਾਨਦਾਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਾਰੇ ਵਿਚ ਬੇਤੁਕੀਆਂ ਗੱਲਾਂ ਕਰਨੀਆਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ੋਭਦੀਆਂ ਨਹੀਂ ਹਨ।
ਗਿਆਨੀ ਰਘਬੀਰ ਸਿੰਘ ਨੇ ਲੰਮਾ ਸਮਾਂ ਪੰਜ ਪਿਆਰੇ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀਆਂ ਸੇਵਾਵਾਂ ਕੀਤੀਆਂ। ਇਕ ਧਾਰਮਿਕ ਸ਼ਖ਼ਸੀਅਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਢਾਂਚੇ ਉੱਤੇ ਕਿੰਤੂ ਕਰਨਾ ਸੰਕੇਤ ਕਰਦਾ ਹੈ ਕਿ ਗਿਆਨੀ ਰਘਬੀਰ ਸਿੰਘ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ।
ਗਿਆਨੀ ਰਘਬੀਰ ਸਿੰਘ ਕੌਮ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਬਜਾਏ ਕੌਮ ਨੂੰ ਹੋਰ ਉਲਝਣਾ ਵਿੱਚ ਪਾ ਰਹੇ ਹਨ। ਚਾਹੀਦਾ ਤਾਂ ਇਹ ਸੀ ਕਿ ਗਿਆਨੀ ਰਘਬੀਰ ਸਿੰਘ 72 ਘੰਟੇ ਦੇ ਸਮੇਂ ਅੰਦਰ ਪੰਥ ਦੀ ਪਾਰਲੀਮੈਂਟ ਨੂੰ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਦਿੰਦੇ, ਪਰ ਅਫਸੋਸ ਕਿ ਗਿਆਨੀ ਰਘਬੀਰ ਸਿੰਘ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਵਾਬ ਦੇਣ ਦੀ ਬਜਾਏ ਨਵੀਆਂ ਕਹਾਣੀਆਂ ਘੜ ਕੇ ਕੌਮ ਵਿਚ ਨਵੀਂ ਦੁਵਿਧਾ ਪੈਦਾ ਕਰਕੇ ਵਿਰੋਧੀਆਂ ਦਾ ਹੱਥ ਠੋਕਾ ਬਣ ਰਹੇ ਹਨ।
ਉਨ੍ਹਾਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟੀ ਫੇਰਨ। ਉਹਨਾਂ ਯਾਦ ਕਰਵਾਇਆ ਕਿ ਆਪਣੀ ਪੂਰੇ ਸੇਵਾ ਕਾਲ ਦੌਰਾਨ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਭੇਟ ਕੀਤੀ ਮਾਇਆ ਗੁਰੂ ਦੀ ਗੋਲਕ ਵਿਚ ਜਮਾਂ ਨਹੀਂ ਕਰਵਾਈ।
ਗਿਆਨੀ ਗੌਹਰ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਆਪਣੇ ਅਹੁਦੇ ਤੋਂ ਲਾਂਭੇ ਹੋ ਕੇ ਕੌਮ ਨੂੰ ਦੱਸਣ ਕਿ ਉਹਨਾਂ ਨੇ ਹੁਣ ਤੱਕ ਦੇਸ਼ ਵਿਦੇਸ਼ਾਂ ਵਿਚੋਂ ਕਿੰਨੀ ਮਾਇਆ ਇਕੱਠੀ ਕੀਤੀ ਹੈ ਅਤੇ ਉਸ ਮਾਇਆ ਵਿਚੋਂ ਕਿੰਨੇ ਮਾਇਆ ਗੁਰੂ ਦੀ ਗਲਿਕ ਵਿਚ ਜਮ੍ਹਾ ਕਰਵਾਈ ਹੈ। ਗਿਆਨੀ ਗੌਹਰ ਨੇ ਦਸਿਆ ਕਿ ਬਤੌਰ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਉਨ੍ਹਾਂ ਕਰੀਬ 80 ਕਰੋੜ ਰੁਪਏ ਤਖਤ ਸਾਹਿਬ ਵਿਖੇ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਪਾਸੋਂ ਦਸਵੰਧ ਦੇ ਰੂਪ ਵਿਚ ਇੱਕਤਰ ਕਰਕੇ ਜਮਾਂ ਕਰਵਾਈ ਸੀ, ਹਾਲਾਂਕਿ ਤਖਤ ਸਾਹਿਬ ਦੀ ਆਮਦਨ ਸ੍ਰੀ ਹਰਿਮੰਦਰ ਸਾਹਿਬ ਤੋਂ ਕਈ ਗੁਣਾ ਘੱਟ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਉੱਤੇ ਦੇਸ਼ ਵਿਦੇਸ਼ਾਂ ਦੇ ਪ੍ਰਚਾਰ ਸਮੇਂ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵਿਚੋਂ ਇਕੱਠੀ ਕੀਤੀ ਮਾਇਆ ਦੀ ਜਾਂਚ ਕਰਨੀ ਚਾਹੀਦੀ ਤਾਂ ਜੋ ਸੱਚ ਸੰਗਤ ਦੇ ਸਾਹਮਣੇ ਆ ਸਕੇ। ਉਨਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਮੰਗ ਕੀਤੀ ਕਿ ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਸਪੱਸ਼ਟੀਕਰਨ ਲਿਆ ਜਾਵੇ।
ਜਥੇਦਾਰ ਨੇ ਨਾਮ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਨੂੰ ਸੌਂਪੇ ਪੱਤਰ ਬਾਰੇ ਗਿਆਨੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਆਦਿ ਜਥੇਦਾਰ ਸਾਹਿਬਾਨ ਦੀ ਪਦਵੀ ਬਹੁਤ ਹੀ ਸਤਿਕਾਰਯੋਗ ਅਤੇ ਪੂਜਨੀਕ ਹੈ। ਇਸ ਸਤਿਕਾਰਤ ਅਹੁਦੇ ‘ਤੇ ਜਿਹੜੀ ਵੀ ਧਾਰਮਿਕ ਸ਼ਖ਼ਸੀਅਤ ਨੂੰ ਸੇਵਾ ਮਿਲਦੀ ਹੈ, ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਉਸ ਸ਼ਖ਼ਸੀਅਤ ਨੂੰ ਗੁਰੂ ਸਾਹਿਬ ਦੇ ਪਰਮ ਸੇਵਕ ਦੇ ਰੂਪ ਵੱਜੋਂ ਸਨਮਾਨ ਦਿੰਦੀਆਂ ਹਨ। ਆਪ ਵੀ ਇਹਨਾਂ ਸਨਮਾਨਿਤ ਸੇਵਾਵਾਂ ਨਿਭਾ ਰਹੇ ਹੋ।
ਸੰਗਤਾਂ ਵੱਲੋਂ ਸ਼ਰਧਾ ਨਾਲ ਮਿਲਣ ਵਾਲੇ ਸਤਿਕਾਰ ਤੇ ਮਾਨ ਸਨਮਾਨ ਬਾਰੇ ਤੁਹਾਨੂੰ ਵਿਅਕਤੀਗਤ ਤੌਰ ‘ਤੇ ਪੂਰਨ ਅਨੁਭਵ ਹੈ। ਸੰਗਤਾਂ ਦੀਆਂ ਉਪਰੋਕਤ ਭਾਵਨਾਵਾਂ ਨੂੰ ਕਿਸੇ ਕਿਸਮ ਦੀ ਠੇਸ ਨਾ ਪਹੁੰਚੇ ਇਸ ਦਾ ਧਿਆਨ ਰੱਖਣਾ ਜਥੇਦਾਰ ਸਾਹਿਬਾਨ ਦਾ ਪਹਿਲਾ ਫਰਜ਼ ਬਣਦਾ ਹੈ। ਦਾਸ ਨੇ ਵੀ ਤਖਤ ਸ੍ਰੀ ਹਰਿਮੰਦਰ ਹੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਵੱਜੋਂ ਲੰਮਾਂ ਸਮਾਂ ਸੇਵਾਵਾਂ ਨਿਭਾਈਆਂ ਹਨ ਉਪਰੋਕਤ ਵਿਸ਼ੇ ‘ਤੇ ਅਨੁਭਵ ਰੱਖਦਾ ਹਾਂ। ਇਸ ਲਈ ਇਸ ਪੱਤਰ ਰਾਹੀਂ ਬੇਨਤੀ ਹੈ ਕਿ 19 ਫਰਵਰੀ 2026 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗਿਆਨੀ ਰਘਬੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋ 18 ਫਰਵਰੀ 2026 ਨੂੰ ਪ੍ਰੈਸ ਕਲੱਬ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦੇ ਵੱਡੇ ਦੋਸ਼ ਲਗਾਏ ਗਏ ਸਨ, ਜਿਸ ਸਬੰਧੀ ਅੰਤ੍ਰਿੰਗ ਕਮੇਟੀ ਨੇ ਮੀਟਿੰਗ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ 72 ਘੰਟੇ ਦਾ ਸਮਾਂ ਦੇ ਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪਾਸੋਂ ਇਸ ਦੇ ਸਬੂਤ ਅਤੇ ਸਪਸ਼ਟੀਕਰਨ ਮੰਗੇ ਸਨ।
ਜਿਹੜੇ ਵੀ ਦੋਸ਼ ਕਿਸੇ ਵੱਲੋਂ ਵੀ ਲਗਾਏ ਕਿਸੇ ਤੇ ਲਗਾਏ ਜਾਂਦੇ ਹਨ ਉੱਹਦੇ ਸਬੂਤ ਹੋਣੇ ਲਾਜਮੀ ਹੁੰਦੇ ਹਨ ਗਿਆਨੀ ਰਘਬੀਰ ਸਿੰਘ ਵੱਲੋਂ ਅੱਜ ਇੱਕ ਵੀਡੀਓ ਜਾਰੀ ਕਰਕੇ ਇਹਨਾਂ ਸਬੂਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦੇਣ ਦੀ ਬਜਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਹੀ 72 ਘੰਟੇ ਦਾ ਅਲਟੀਮੇਟਮ ਦੇ ਕੇ ਇੱਕ ਨਵਾਂ ਵਿਵਾਦ ਛੇੜਨ ਅਤੇ ਪੰਥ ਵਿੱਚ ਦੁਬਿਧਾਵਾਂ ਪੈਦਾ ਕੋਸ਼ਿਸ਼ ਕੀਤੀ ਹੈ ਕਿਉਂਕਿ ਗਿਆਨੀ ਰਘਬੀਰ ਸਿੰਘ ਇਕ ਧਾਰਮਿਕ ਸ਼ਖਸ਼ੀਅਤ ਹਨ ਅਤੇ ਇਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਤੌਰ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਮੁੱਖ ਗ੍ਰੰਥੀ ਗ੍ਰੰਥੀ ਵਜੋਂ ਲੰਮਾ ਸਮਾਂ ਵੱਖ-ਵੱਖ ਸੇਵਾਵਾਂ ਨਿਭਾਉਂਦੇ ਆ ਰਹੇ ਹਨ।
ਲੱਗਦਾ ਹੈ ਇਸ ਪਿੱਛੇ ਕਿਸੇ ਸਿਆਸੀ ਧਿਰ ਦਾ ਹੱਥ ਹੈ ਅਤੇ ਗਿਆਨੀ ਰਘਬੀਰ ਸਿੰਘ ਸਿੰਘ ਪੰਥ ਦੋਖੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ ਜਾਂ ਗਿਆਨੀ ਰਘਬੀਰ ਸਿੰਘ ਨੂੰ ਪੰਥ ਦੀ ਸੁਪਰੀਮ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰਨਾ ਚਾਹੀਦਾ ਹੈ ਇਸ ਲਈ ਇਸ ਸਾਰੇ ਮਾਮਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਬਤੌਰ ਜਥੇਦਾਰ ਹੁੰਦਿਆਂ ਆਪ ਆਪਣੇ ਹੱਥ ਵਿੱਚ ਲੈਂਦੇ ਹੋਏ ਜਲਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਇਸ ਸਬੰਧੀ ਕੋਈ ਮਿਸਾਲੀ ਠੋਸ ਫੈਸਲਾ ਕਰੋ।
ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤੇ ਸਾਬਕਾ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਪਿਛਲੇ ਦਿਨੀਂ ਕੁਝ ਦੋਸ਼ ਲਗਾਏ ਗਏ ਸਨ ਇਹ ਮਾਮਲਾ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਚਾਰਨਾ ਚਾਹੀਦਾ ਹੈ।
ਇਸ ਲਈ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਜਲਦ ਤੋਂ ਜਲਦ ਸੱਦ ਕੇ ਇਨ੍ਹਾਂ ਮਾਮਲਿਆਂ ਨੂੰ ਵਿਚਾਰਿਆ ਜਾਵੇ। ਤਾਂ ਜੋ ਸੱਚ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਪ੍ਰਤੀ ਪਾਏ ਜਾ ਰਹੇ ਭਰਮ ਭੁਲੇਖੇ ਖਤਮ ਹੋ ਸਕਣ। ਗਿਆਨੀ ਗੌਹਰ ਨੇ ਕਿਹਾ ਕਿ ਜਥੇਦਾਰ ਨੂੰ ਬੇਨਤੀ ਹੈ ਕਿ ਇਸ ਪੱਤਰ ‘ਤੇ ਤੁਰੰਤ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਕਾਰਵਾਈ ਜ਼ਰੂਰ ਕਰਨਗੇ।