ਧੜੱਲੇ ਨਾਲ ਵਿਕੀ ਚਾਈਨਾ ਡੋਰ ਨਾਲ ਹਾਦਸੇ ਵੱਧਣ ਦਾ ਖ਼ਦਸ਼ਾ
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਜਾਨੀ ਹਾਦਸਿਆਂ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਰੈਗਨ ਡੋਰ ਦੀ ਵਰਤੋਂ ਤੇ ਸਖਤੀ ਨਾਲ ਲਾਈ ਪਾਬੰਦੀ ਦੇ ਬਾਵਜੂਦ ਚੋਰ ਦਰਵਾਜ਼ੇ ਰਾਹੀ ਇਸ
Publish Date: Sun, 11 Jan 2026 04:41 PM (IST)
Updated Date: Sun, 11 Jan 2026 04:45 PM (IST)

ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਜਾਨੀ ਹਾਦਸਿਆਂ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਰੈਗਨ ਡੋਰ ਦੀ ਵਰਤੋਂ ਤੇ ਸਖਤੀ ਨਾਲ ਲਾਈ ਪਾਬੰਦੀ ਦੇ ਬਾਵਜੂਦ ਚੋਰ ਦਰਵਾਜ਼ੇ ਰਾਹੀ ਇਸ ਘਾਤਕ ਡੋਰ ਦੀ ਵਿਕਰੀ ਬੜੇ ਧੱੜਲੇ ਨਾਲ ਹੋਈ। ਜੋ ਲੋਹੜੀ ਤੇ ਮਾਘੀ ਵਾਲੇ ਦਿਨ ਇਹ ਘਾਤਕ ਡੋਰ ਖੁਸ਼ੀਆਂ ਨੂੰ ਗਮੀਆਂ ਵਿਚ ਬਦਲਣ ਦਾ ਰਾਹ ਪੱਧਰਾ ਕਰੇਗੀ। ਬਹੁਤੇ ਨੌਜਵਾਨਾਂ ਤੇ ਬੱਚਿਆਂ ਨੂੰ ਇਸ ਡੋਰ ਦੇ ਖਤਰਨਾਕ ਪ੍ਰਭਾਵਾਂ ਦਾ ਭਲੀਭਾਂਤ ਪਤਾ ਹੋਣ ਦੇ ਬਾਵਜੂਦ ਡਰੈਗਨ ਡੋਰ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਹ ਘਾਤਕ ਪਲਾਸਟਿਕ ਦੀ ਡੋਰ ਕਿਸੇ ਪਤੰਗਾਂ ਵਾਲੀ ਦੁਕਾਨ ਤੇ ਨਜ਼ਰੀ ਨਹੀ ਪੈਂਦੀ। ਪਰ ਅਸਲ ਵਿਚ ਇਸ ਨੂੰ ਅਗਸਤ ਮਹੀਨੇ ਤੋਂ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨੂੰ ਮੋਟਾ ਲਾਭ ਕਮਾਉਣ ਲਈ ਸ਼ਹਿਰ ਤੋਂ ਬਾਹਰ ਬਣਾਏ ਟਿਕਾਣਿਆਂ ਵਿਚੋਂ ਮਹਿੰਗੇ ਭਾਅ ਨਵੰਬਰ, ਦਸੰਬਰ ਮਹੀਨੇ ਰਾਤ ਦੇ ਹਨੇਰੇ ਵਿਚ ਆਪੋ ਆਪਣੇ ਸਰੋਤਾਂ ਰਾਹੀ ਵੇਚ ਦਿੱਤਾ ਜਾਂਦਾ ਹੈ। ਜਿਸ ਨੂੰ ਛੋਟੇ ਬੱਚਿਆਂ ਅਤੇ ਘੱਟ ਉਮਰ ਦੇ ਨੌਜਵਾਨਾਂ ਨੂੰ ਸਸਤੀ ਡੋਰ ਜਾਂ ਪੈਸੇ ਦਾ ਲਾਲਚ ਦੇ ਕੇ ਢਾਲ ਬਣਾਇਆ ਜਾਂਦਾ ਹੈ। ਪਿਛਲੇ ਦੋ ਹਫਤਿਆਂ ਤੋਂ ਘਰਾਂ ਦੀਆਂ ਛੱਤਾਂ ਤੇ ਪਤੰਗ ਉਡਾਉਣ ਵਾਲਿਆਂ ’ਤੇ ਨਜ਼ਰ ਰੱਖਣ ਤੇ ਕੋਈ ਇਕ ਵੀ ਨੌਜਵਾਨ ਧਾਗੇ ਨਾਲ ਬਣੀ ਦੇਸੀ ਡੋਰ ਨਾਲ ਪਤੰਗ ਉਡਾਉਂਦਾ ਨਹੀ ਵੇਖਿਆ ਗਿਆ। ਛੋਟੇ ਬੱਚੇ ਇਸ ਘਾਤਕ ਡੋਰ ਨੂੰ ਨੌਜਵਾਨਾਂ ਨਾਲੋਂ ਵਧੇਰੇ ਪਸੰਦ ਕਰਦੇ ਹਨ। ਡੋਰ ਤੋਂ ਹੋਣ ਵਾਲੇ ਅਣਕਿਆਸੇ ਹਾਦਸਿਆਂ ਦੇ ਕਾਲੇ ਬੱਦਲ ਮੰਡਰਾਅ ਰਹੇ ਹਨ। ਭਾਵੇਂ ਡੋਰ ਦੇ ਘਾਤਕ ਨਤੀਜਿਆਂ ਤੋਂ ਡਰੇ ਕੁਝ ਦੁਕਾਨਦਾਰਾਂ ਨੇ ਇਸ ਧੰਦੇ ਤੋਂ ਤੋਬਾ ਕਰ ਲਈ ਹੈ, ਪਰ ਜੇ ਪੁਲਿਸ ਪ੍ਰਸਾਸ਼ਨ ਅੱਜ ਅਤੇ ਲੋਹੜੀ ਦੇ ਤਿਉਹਾਰ ਤੇ ਸਖਤੀ ਦਾ ਡੰਡਾ ਕਾਇਮ ਨਾ ਹੋਇਆ ਤਾਂ ਡੋਰ ਨਾਲ ਹੋਏ ਹਾਦਸਿਆਂ ਨੂੰ ਰੋਕਣਾ ਬਹੁਤ ਅੋਖਾ ਹੈ।