ਪਿੰਡ ਬੰਡਾਲਾ ਤੋਂ ਦਲਜਿੰਦਰਬੀਰ ਸਿੰਘ ਵਿਰਕ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਮਾਜਿਕ ਤੇ ਰਾਜਨੀਤਿਕ ਮਸਲਿਆਂ ’ਤੇ ਆਪਣੀ ਸਪੱਸ਼ਟ ਸੋਚ ਲਈ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਵਿਧਾਨ ਸਭਾ
Publish Date: Wed, 22 Apr 2026 04:39 PM (IST)
Updated Date: Wed, 22 Apr 2026 04:43 PM (IST)

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸਮਾਜਿਕ ਤੇ ਰਾਜਨੀਤਿਕ ਮਸਲਿਆਂ ’ਤੇ ਆਪਣੀ ਸਪੱਸ਼ਟ ਸੋਚ ਲਈ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਬੰਡਾਲਾ ਪਿੰਡ ਵਿਚ ਇੱਕ ਮਹੱਤਵਪੂਰਨ ਮੀਟਿੰਗ ਕੀਤੀ, ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਦਾ ਮੁੱਖ ਉਦੇਸ਼ ਪੰਜਾਬ ਨਾਲ ਜੁੜੇ ਤਤਕਾਲੀ ਅਤੇ ਲੰਬੇ ਸਮੇਂ ਦੇ ਮੁੱਦਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕਰਨਾ ਸੀ। ਮੀਟਿੰਗ ਦੌਰਾਨ ਵਿਰਕ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਚਿੰਤਾ ਜਤਾਈ ਅਤੇ ਕਿਹਾ ਕਿ ਸੂਬਾ ਅੱਜ ਕਈ ਪੱਖਾਂ ਤੋਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਖਾਸ ਤੌਰ ’ਤੇ ਨੌਜਵਾਨਾਂ ਵਿੱਚ ਵੱਧ ਰਹੀ ਬੇਰੁਜ਼ਗਾਰੀ, ਕਿਸਾਨੀ ਸੰਕਟ, ਉਦਯੋਗਿਕ ਵਿਕਾਸ ਦੀ ਘਾਟ ਅਤੇ ਪ੍ਰਵਾਸ ਦੇ ਵਧਦੇ ਰੁਝਾਨ ਨੂੰ ਗੰਭੀਰ ਮੁੱਦੇ ਵਜੋਂ ਚਿੰਨ੍ਹਿਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਹ ਮੁੱਦੇ ਸਮੇਂ ਸਿਰ ਹੱਲ ਨਾ ਕੀਤੇ ਗਏ ਤਾਂ ਪੰਜਾਬ ਦੀ ਆਰਥਿਕ ਤੇ ਸਮਾਜਿਕ ਬਣਤਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਿਰਕ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਿਰਫ ਸਰਕਾਰੀ ਨੀਤੀਆਂ ਹੀ ਨਹੀਂ, ਸਗੋਂ ਲੋਕਾਂ ਦੀ ਸਾਂਝੀ ਭੂਮਿਕਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਹਰ ਵਰਗ ਨੂੰ ਆਪਣੇ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ। ਵਿਰਕ ਨੇ ਹਰ ਇਕ ਮੁੱਦੇ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਇਨ੍ਹਾਂ ਮਸਲਿਆਂ ਨੂੰ ਉਚਿਤ ਮੰਚਾਂ ’ਤੇ ਉਠਾਇਆ ਜਾਵੇਗਾ। ਮੀਟਿੰਗ ਤੋਂ ਬਾਅਦ ਦਲਜਿੰਦਰ ਬੀਰ ਸਿੰਘ ਵਿਰਕ ਨੇ ਪਿੰਡ ਦੇ ਵੱਖ-ਵੱਖ ਘਰਾਂ ਤੇ ਸਥਾਨਕ ਸੰਸਥਾਵਾਂ ਦਾ ਦੌਰਾ ਵੀ ਕੀਤਾ, ਜਿੱਥੇ ਉਨ੍ਹਾਂ ਨੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਮਾਜਿਕ ਏਕਤਾ ਅਤੇ ਭਾਈਚਾਰੇ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਵਿਰਕ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਮਕਸਦ ਲੋਕਾਂ ਦੇ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਅਸਲੀ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦਾ ਹੱਲ ਲੱਭਣ ਲਈ ਸਾਂਝੀ ਕੋਸ਼ਿਸ਼ ਕਰਨਾ ਹੈ। ਉਨ੍ਹਾਂ ਭਰੋਸਾ ਦਿਵਾਇਆ ਭਵਿੱਖ ਵਿਚ ਵੀ ਉਹ ਇਸ ਤਰ੍ਹਾਂ ਲੋਕਾਂ ਨਾਲ ਸੰਪਰਕ ਬਣਾਈ ਰੱਖਣਗੇ ਤੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਦੇ ਰਹਿਣਗੇ।