ਦੁਕਾਨ ਦੇ ਝਗੜੇ ’ਚ ਮਾਰੀ ਗੋਲੀ, 1 ਦੀ ਮੌਤ
ਦੁਕਾਨ ਦੇ ਝਗੜੇ ’ਚ ਮਾਰੀ ਗੋਲੀ, ਵਿਅਕਤੀ ਦੀ ਮੌਤ, ਮੁਲਜਮ ਗ੍ਰਿਫਤਾਰ
Publish Date: Tue, 21 Apr 2026 07:33 PM (IST)
Updated Date: Wed, 22 Apr 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਗੇਟ ਹਕੀਮਾਂ ਇਲਾਕੇ ਵਿਚ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮਿਲਣ ਤੇ ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਪਰਾਧ ਵਿਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ। ਮ੍ਰਿਤਕ ਦੀ ਪਛਾਣ ਨਾਰਾਇਣ ਦਾਸ ਵਜੋਂ ਹੋਈ ਹੈ, ਜੋ ਆਪਣੇ ਘਰ ਦੇ ਨੇੜੇ ਇਕ ਜਨਰਲ ਸਟੋਰ ਚਲਾਉਂਦੇ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦਾ ਨੇੜਲੇ ਦੁਕਾਨ ਨੂੰ ਲੈ ਕੇ ਇਕ ਗੁਆਂਢੀ ਨਾਲ ਲੰਬੇ ਸਮੇਂ ਤੋਂ ਵਿਵਾਦ ਸੀ। ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ ਦੁਕਾਨ ਦੇ ਸ਼ਟਰ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਗੁਆਂਢੀ ਨਾਲ ਰੰਜਿਸ਼ ਦੇ ਕਾਰਨ ਮੁਲਜਮ ਨੇ ਆਪਣੀ ਲਾਇਸੈਂਸੀ 12 ਬੋਰ ਦੀ ਬੰਦੂਕ ਤੋਂ ਗੋਲੀ ਚਲਾ ਦਿੱਤੀ। ਗੋਲੀ ਨਾਰਾਇਣ ਦਾਸ ਦੀ ਲੱਤ ਵਿਚ ਲੱਗੀ। ਗੋਲੀ ਲੱਗਣ ਨਾਲ ਜ਼ਿਆਦਾ ਖੂਨ ਵਹਿਣ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਜ਼ਖਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਘਰ ਦਿੱਤੀ। ਪਰਿਵਾਰਕ ਮੈਂਬਰ ਤੁਰੰਤ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲਗਭਗ ਅੱਧੇ ਘੰਟੇ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।