ਵਣ ਜੀਵ ਟ੍ਰਾਫੀ ਬਰਾਮਦਗੀ ਮਾਮਲੇ ’ਚ ਮੁਲਜਮ ਨੂੰ ਮਿਲੀ ਜ਼ਮਾਨਤ
ਵਣ ਜੀਵ ਟ੍ਰਾਫੀ ਬਰਾਮਦਗੀ ਮਾਮਲੇ ’ਚ ਮੁਲਜਮ ਨੂੰ ਡੇਢ ਮਹੀਨੇ ਬਾਅਦ ਜਮਾਨਤ ਮਿਲੀ
Publish Date: Tue, 03 Mar 2026 06:43 PM (IST)
Updated Date: Wed, 04 Mar 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰ-ਰਾਸ਼ਟਰੀ ਹਵਾਈ ਅੱਡਾ ’ਤੇ 19 ਜਨਵਰੀ ਨੂੰ ਕਸਟਮ ਵਲੋਂ ਫੜੀ ਗਈ ਵਣ ਜੀਵ ਟ੍ਰਾਫੀ ਬਰਾਮਦਗੀ ਮਾਮਲੇ ’ਚ ਮੁਲਜਮ ਨੂੰ ਜ਼ਮਾਨਤ ਮਿਲ ਗਈ ਹੈ। ਮੁਲਜਮ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ। ਇਸ ਮਾਮਲੇ ਦੇ ਮੁਲਜਮ ਮੁਹੰਮਦ ਅਬਰਾਰ ਅਹਿਮਦ ਨੂੰ ਡੇਢ ਮਹੀਨੇ ਬਾਅਦ ਜ਼ਮਾਨਤ ਮਿਲ ਗਈ। ਮੁਲਜਮ ਬੈਂਕਾਕ ਤੋਂ ਇਕ ਫਲਾਈਟ 'ਤੇ ਹਵਾਈ ਅੱਡੇ 'ਤੇ ਉਤਰਿਆ। ਐਕਸ-ਰੇ ਸਕ੍ਰੀਨਿੰਗ ਦੌਰਾਨ ਉਸ ਦੇ ਸਮਾਨ ਵਿਚ ਸ਼ੱਕੀ ਪ੍ਰਤੀਬਿੰਬ ਪਾਏ ਗਏ।
ਬਾਅਦ ਵਿਚ ਕੀਤੀ ਗਈ ਤਲਾਸ਼ੀ ਵਿਚ ਮੋਰ ਅਤੇ ਵਾਲਰਸ ਟਰਾਫੀਆਂ ਦਾ ਖੁਲਾਸਾ ਹੋਇਆ। ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ ਨੂੰ ਬੁਲਾਇਆ ਗਿਆ, ਜਿਸ ਵਿਚ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਤਹਿਤ ਕੇਸ ਨੂੰ ਵਿਚਾਰਿਆ ਗਿਆ। ਇਕ ਸ਼ੁਰੂਆਤੀ ਜਾਂਚ ਵਿਚ ਇਹ ਪਾਇਆ ਗਿਆ ਕਿ ਇਹ ਮਾਮਲਾ ਜੰਗਲੀ ਜੀਵ ਸੁਰੱਖਿਆ ਐਕਟ ਦੀ ਉਲੰਘਣਾ ਹੈ। ਫਿਰ ਟੀਮ ਨੇ ਬਰਾਮਦ ਕੀਤੀਆਂ ਟਰਾਫੀਆਂ ਨੂੰ ਜਾਂਚ ਲਈ ਫੋਰੈਂਸਿਕ ਪ੍ਰਯੋਗਸ਼ਾਲਾ ਵਿਚ ਭੇਜ ਦਿੱਤਾ।
ਬਚਾਅ ਪੱਖ ਦੇ ਵਕੀਲ ਪ੍ਰਥਮ ਅਰੋੜਾ ਨੇ ਦਲੀਲ ਦਿੱਤੀ ਕਿ ਉਸ ਦੇ ਮੁਵੱਕਿਲ ਨੇ ਬੈਂਕਾਕ ਵਿਚ ਚੀਜ਼ਾਂ ਖਰੀਦੀਆਂ ਸਨ, ਜਿੱਥੇ ਟਰਾਫੀਆਂ ਲਈ ਕਿਸੇ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ ਅਤੇ ਉਨ੍ਹਾਂ ਦੀ ਕੀਮਤ 100,000 ਥਾਈ ਬਾਹਟ ਸੀ। ਹਾਲਾਕਿ ਫੋਰੈਂਸਿਕ ਰਿਪੋਰਟ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ। ਇਸ ਤੋਂ ਬਾਅਦ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਮੁਲਜਮ ਨੂੰ ਜ਼ਮਾਨਤ ਦੇ ਦਿੱਤੀ। ਇਹ ਪੰਜਾਬ ਵਿਚ ਜੰਗਲੀ ਜੀਵ ਤਸਕਰੀ ਦਾ ਪਹਿਲਾ ਮਾਮਲਾ ਸੀ ਜਿਸ ਵਿਚ ਕਸਟਮ ਵੱਲੋਂ ਰਿਕਵਰੀ ਕੀਤੀ ਗਈ ਸੀ।