ਜੈਤੇਗ ਸਿੰਘ ਅਨੰਤ ਨਮਿਤ ਸ਼ੋਕ ਸਭਾ ਕਰਵਾਈ
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਿੱਖ ਪੰਥ ਦੇ ਮਹਾਨ ਵਿਦਵਾਨ ਜੈਤੇਗ ਸਿੰਘ ਅਨੰਤ ਦੇ ਇਸ ਫਾਨੀ ਸੰਸਾਰ ਨੂੰ ਸਦੀਵੀ
Publish Date: Fri, 09 Jan 2026 04:18 PM (IST)
Updated Date: Fri, 09 Jan 2026 04:21 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਿੱਖ ਪੰਥ ਦੇ ਮਹਾਨ ਵਿਦਵਾਨ ਜੈਤੇਗ ਸਿੰਘ ਅਨੰਤ ਦੇ ਇਸ ਫਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਜਾਣ ਤੇ ਸ਼ੋਕ ਸਭਾ ਕੀਤੀ ਗਈ। ਇਸ ਸ਼ੋਕ ਸਭਾ ਵਿਚ ਜੈਤੇਗ ਸਿੰਘ ਅਨੰਤ ਦੇ ਸਿੱਖ ਪੰਥ ਨੂੰ ਦਿੱਤੇ ਗਏ ਯੋਗਦਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨਾਲ ਜੁੜੇ ਰਿਸ਼ਤੇ ਦੀਆਂ ਯਾਦਾਂ ਨੂੰ ਸਾਂਝਾ ਅਤੇ ਤਾਜ਼ਾ ਕੀਤਾ ਗਿਆ। ਇਸ ਸੰਦਰਭ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਫਾਊਂਡਰ ਡਾਇਰੈਕਟਰ ਪ੍ਰੋ. ਬਲਵੰਤ ਸਿੰਘ ਢਿੱਲੋਂ ਵੱਲੋਂ ਜੈਤੇਗ ਸਿੰਘ ਅਨੰਤ ਦੇ ਸਿੱਖ ਪੰਥ ਨੂੰ ਦਿੱਤੇ ਗਏ ਯੋਗਦਾਨ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਜੈਤੇਗ ਸਿੰਘ ਅਨੰਤ ਬਹੁਤ ਹੀ ਸਿਰੜੀ ਅਤੇ ਅਣਥੱਕ ਖੋਜੀ ਸਨ। ਉਨ੍ਹਾਂ ਦੁਆਰਾ ਕੀਤੀ ਗਈ ਫੋਟੋਗ੍ਰਾਫੀ ਇਕ ਅਜਿਹੀ ਮਿਸਾਲ ਹੈ ਜੋ ਕਿ ਕਿਤੇ ਹੋਰ ਵੇਖਣ ਨੂੰ ਨਹੀਂ ਮਿਲਦੀ। ਉਨ੍ਹਾਂ ਦਾ ਭਾਈ ਰਣਧੀਰ ਸਿੰਘ ਅਤੇ ਸਿਰਦਾਰ ਕਪੂਰ ਸਿੰਘ ਨਾਲ ਬਹੁਤ ਸਨੇਹ ਸੀ, ਜਿਸ ਦਾ ਅੰਦਾਜ਼ਾ ਉਨ੍ਹਾਂ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਤੋਂ ਲਗਾਇਆ ਜਾ ਸਕਦਾ ਹੈ। ਪ੍ਰੋ. ਬਲਵੰਤ ਸਿੰਘ ਢਿੱਲੋਂ ਨੇ ਇਹ ਵੀ ਕਿਹਾ ਕਿ ਉਹ ਬਿਮਾਰ ਹੋਣ ਦੇ ਬਾਵਜੂਦ ਵੀ ਅੰਤਲੇ ਸਮੇਂ ਤੱਕ ਪੰਥਕ ਸਰੋਕਾਰਾਂ ਅਤੇ ਖੋਜ ਅਭਿਆਸ ਨਾਲ ਜੁੜੇ ਰਹੇ। ਜੈਤੇਗ ਸਿੰਘ ਅਨੰਤ ਨੂੰ ਯਾਦ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੇ ਮੌਜੂਦਾ ਡਾਇਰੈਕਟਰ ਪ੍ਰੋ. ਅਮਰ ਸਿੰਘ ਨੇ ਵੀ ਉਹਨਾਂ ਦੇ ਇਸ ਖੋਜ ਕੇਂਦਰ ਵਿਚ ਪਾਏ ਯੋਗਦਾਨ ਬਾਰੇ ਦੱਸਦਿਆਂ ਕਿਹਾ ਕਿ ਇਸ ਕੇਂਦਰ ਦੀ ਲਾਇਬ੍ਰੇਰੀ ਵਿਚ ਉਨ੍ਹਾਂ ਨੇ ਆਪਣੀ ਨਿੱਜੀ ਲਾਇਬ੍ਰੇਰੀ ਦੀਆਂ ਪੁਸਤਕਾਂ ਭੇਂਟ ਕੀਤੀਆਂ। ਇਹ ਯੋਗਦਾਨ ਉਹਨਾਂ ਦੇ ਯੂਨੀਵਰਸਿਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਪ੍ਰਤੀ ਸਨੇਹ ਨੂੰ ਦਰਸਾਉਂਦਾ ਹੈ। ਪ੍ਰੋ. ਅਮਰ ਸਿੰਘ ਜੀ ਨੇ ਇਹ ਵੀ ਜ਼ਿਕਰ ਕੀਤਾ ਕਿ ਇਸ ਕੇਂਦਰ ਨੂੰ 2016 ਚ ਬੰਦ ਹੋਣ ਤੋਂ ਬਚਾਉਣ ਵਿਚ ਵੀ ਜੈਤੇਗ ਅਨੰਤ ਦਾ ਵਡਮੁੱਲਾ ਯੋਗਦਾਨ ਹੈ। ਸੋ ਉਹਨਾਂ ਦੇ ਜਾਣ ਦਾ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ, ਉਸਦੇ ਨਾਲ-ਨਾਲ ਉਹਨਾਂ ਦੇ ਇਸ ਸੰਸਾਰ ਤੋਂ ਰੁਖਸਤ ਹੋ ਜਾਣ ਤੇ ਪੰਥਕ ਰੂਪ ਵਿਚ ਵੀ ਘਾਟ ਮਹਿਸੂਸ ਹੁੰਦੀ ਰਹੇਗੀ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਅਤੇ ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਸਮੁੱਚੀ ਟੀਮ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੋਈ ਅਰਦਾਸ ਕਰਦੀ ਹੈ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ।