ਛੀਨਾ ਵੱਲੋਂ ਖ਼ਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟ' ਜਾਰੀ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ਐਡਮਿਸ਼ਨ ਪੋਰਟਲ ਵਿਦਿਆਰਥੀਆਂ ਲਈ ਦਾਖਲਾ
Publish Date: Wed, 08 Apr 2026 04:12 PM (IST)
Updated Date: Wed, 08 Apr 2026 04:17 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ਐਡਮਿਸ਼ਨ ਪੋਰਟਲ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਅਤੇ ਪਾਰਦਰਸ਼ੀ ਬਣਾਉਂਦਾ ਹੈ। ਹੁਣ ਵਿਦਿਆਰਥੀ ਘਰ ਬੈਠੇ ਹੀ ਆਸਾਨੀ ਨਾਲ 200 ਤੋਂ ਵਧੇਰੇ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕੋਰਸਾਂ ਲਈ ਅਰਜ਼ੀਆਂ ਭਰ ਸਕਣਗੇ, ਦਸਤਾਵੇਜ਼ ਅਪਲੋਡ ਕਰ ਸਕਣਗੇ ਤੇ ਫ਼ੀਸ ਜਮ੍ਹਾ ਕਰਵਾ ਸਕਣਗੇ। ਇਸ ਨਾਲ ਨਾ ਸਿਰਫ਼ ਸਮਾਂ ਬਚੇਗਾ ਸਗੋਂ ਕਾਗਜ਼ੀ ਕਾਰਵਾਈ ’ਚ ਵੀ ਕਾਫ਼ੀ ਕਮੀ ਆਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ’ਵਰਸਿਟੀ ਦੇ ਉਕਤ ਪੋਰਟਲ ਨੂੰ ਜਾਰੀ ਕਰਨ ਮੌਕੇ ਕੀਤਾ। ਛੀਨਾ ਨੇ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਤੋਂ ਇਲਾਵਾ ਡੀਨ, ਰਜਿਸਟਰਾਰ, ਡਾਇਰੈਕਟਰ ਅਤੇ ਹੋਰ ਸਟਾਫ਼ ਦੀ ਮੌਜ਼ੂਦਗੀ ’ਚ ਵਿਦਿਆਰਥੀਆਂ ਦੀ ਸਹੂਲਤ ਅਤੇ ਦਾਖਲਾ ਪ੍ਰੀਕ੍ਰਿਆ ਨੂੰ ਹੋਰ ਆਸਾਨ ਬਣਾਉਣ ਲਈ ਮੈਨੇਜ਼ਮੈਂਟ ਦੇ ਆਈਟੀ ਸਟਾਫ਼ ਦੁਆਰਾ ਤਿਆਰ ਕੀਤੇ ਗਏ ਉਕਤ ਆਧੁਨਿਕ ਆਨਲਾਈਨ ਐਡਮਿਸ਼ਨ ਪੋਰਟਲ ਨੂੰ ਜਾਰੀ ਕਰਦਿਆਂ ਇਸਨੂੰ ਡਿਜ਼ੀਟਲ ਸਿੱਖਿਆ ਵੱਲ ਇਕ ਵੱਡਾ ਅਤੇ ਅਹਿਮ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਨੇਜ਼ਮੈਂਟ ਦੀ ਹਮੇਸ਼ਾਂ ਇਹੀ ਕੋਸ਼ਿਸ਼ ਰਹੀ ਹੈ ਕਿ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵਿੱਦਿਆ ਸਬੰਧੀ ਹਰੇਕ ਸਹੂਲਤ ਘਰ ਬੈਠਿਆਂ ਹੀ ਪ੍ਰਦਾਨ ਕੀਤੀ ਜਾਵੇ ਅਤੇ ਉਕਤ ਪੋਰਟਲ ਜਾਰੀ ਕਰਨ ਦਾ ਵੀ ਇਹੀ ਮਕਸਦ ਹੈ।ਇਸ ਮੌਕੇ ਛੀਨਾ ਨੇ ਕਿਹਾ ਕਿ ਉਕਤ ਪੋਰਟਲ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਖ਼ਾਲਸਾ ਕਾਲਜ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ ਹੈ ਜੋ ਕਿ ਵਿਦਿਆਰਥੀਆਂ ਅਤੇ ਪ੍ਰਸ਼ਾਸਕੀ ਸਟਾਫ ਲਈ ਕਈ ਬਹੁਤ ਮਹੱਤਵਪੂਰਨ ਸਾਬਿਤ ਹੋਵੇਗਾ। ਇਸਦੇ ਨਾਲ ਵਿਦਿਆਰਥੀ ਦੇਸ਼ ਦੇ ਕਿਸੇ ਵੀ ਕੋਨੇ ’ਚ ਬੈਠ ਕੇ ਕੋਰਸਾਂ ਸਬੰਧੀ ਜਾਣਕਾਰੀ ਤੋਂ ਇਲਾਵਾ ਰਜਿਸਟਰੇਸ਼ਨ ਅਤੇ ਉਪਰੰਤ ਦਾਖਲੇ ਦੀਆਂ ਸੰਪੂਰਨ ਕਾਰਵਾਈਆਂ ਆਨਲਾਈਨ ਪੁਰ ਕਰ ਸਕੇਗਾ। ਉਨ੍ਹਾਂ ਪੋਰਟਲ ਦੀਆਂ ਵਿਸ਼ੇਸ਼ਤਾਵਾਂ ਸਬੰਧੀ ਕਿਹਾ ਕਿ ਇਸ ਰਾਹੀਂ ਰੀਅਲ-ਟਾਈਮ ਅੱਪਡੇਟਸ, ਅਰਜ਼ੀ ਦੀ ਸਥਿਤੀ, ਅੰਤਿਮ ਮਿਤੀਆਂ ਅਤੇ ਨਤੀਜਿਆਂ ਬਾਰੇ ਤੁਰੰਤ ਨੋਟੀਫਿਕੇਸ਼ਨ ਤੋਂ ਇਲਾਵਾ ਦਸਤਾਵੇਜ਼ ਅੱਪਲੋਡ ਅਤੇ ਆਸਾਨ ਟ੍ਰੈਕਿੰਗ, ਯੂਨੀਵਰਸਿਟੀਆਂ ਲਈ ਸੁਚਾਰੂ ਐਡਮਿਸ਼ਨ ਪ੍ਰੀਕ੍ਰਿਆ, ਆਟੋਮੇਸ਼ਨ ਮੈਨੂਅਲ ਕੰਮ ਘੱਟੇਗਾ ਅਤੇ ਅਰਜ਼ੀਆਂ ਦੀ ਪ੍ਰੀਕ੍ਰਿਆ ਵਧੇਗੀ, ਸਮੂਹ ਬਿਨੈਕਾਰਾਂ ਦਾ ਡਾਟਾ ਸਿਸਟਮ ’ਚ ਸੁਰੱਖਿਅਤ ਹੋਵੇਗਾ, ਪ੍ਰਿੰਟਿੰਗ, ਸਟੋਰੇਜ ਅਤੇ ਪ੍ਰਸ਼ਾਸਕੀ ਖਰਚਿਆਂ ਨੂੰ ਘਟਾਏਗਾ, ਡੇਟਾ ਐਂਟਰੀ ਅਤੇ ਪ੍ਰੋਸੈਸਿੰਗ ’ਚ ਮਨੁੱਖੀ ਗਲਤੀਆਂ ਘਟੇਗੀ, ਸਟਾਫ ਘੱਟ ਸਮੇਂ ’ਚ ਵੱਧ ਅਰਜ਼ੀਆਂ ਨਿਪਟਾਏਗਾ, ਬਿਨੈਕਾਰਾਂ ਨੂੰ ਇਕੱਠੇ ਈਮੇਲ, ਸੂਚਨਾਵਾਂ ਅਤੇ ਅਲਰਟ ਭੇਜਣ ਆਸਾਨ ਸਮੇਤ ਵਾਤਾਵਰਣ ਅਨੁਕੂਲ, ਪਾਰਦਰਸ਼ਤਾ, ਵਿਸਥਾਰਯੋਗਤਾ ਅਤੇ ਏਕੀਕਰਨ ਵਰਗੇ ਕਈ ਫਾਇਦੇ ਪ੍ਰਦਾਨ ਕਰੇਗਾ।ਉਨ੍ਹਾਂ ਕਿਹਾ ਕਿ ਹੁਣ ਵਿਦਿਆਰਥੀ ਆਪਣੇ ਦਾਖਲੇ ਦੀ ਸਥਿਤੀ ਬਾਰੇ ਸਮੇਂ-ਸਮੇਂ ’ਤੇ ਅਪਡੇਟ ਪ੍ਰਾਪਤ ਕਰ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਣਸ਼ਚਿਤਤਾ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਭਵਿੱਖ ’ਚ ਅਜਿਹੀਆਂ ਹੋਰ ਸੇਵਾਵਾਂ ਨੂੰ ਵੀ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਹਰੇਕ ਸੁਵਿਧਾ ਇਕ ਹੀ ਪਲੇਟਫਾਰਮ ’ਤੇ ਮੁਹੱਈਆ ਹੋ ਸਕੇ।ਡਾ. ਮਹਿਲ ਸਿੰਘ ਅਤੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਹਰੇਕ ਸੁਵਿਧਾ ਪ੍ਰਦਾਨ ਕਰਨ ਲਈ ਤੱਤਪਰ ਹੈ ਅਤੇ ਪ੍ਰਸ਼ਾਸ਼ਨ ਨੂੰ ਬੇਹਤਰ ਅਤੇ ਨਵੀਨਤਮ ਬਣਾਉਣ ਲਈ ਉਪਰੋਕਤ ਪੋਰਟਲ ਫ਼ਾਇਦੇਵੰਦ ਸਾਬਿਤ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਆਨਲਾਈਨ ਸਿਸਟਮ ਦਾ ਪੂਰਾ ਲਾਭ ਲੈਣ ਅਤੇ ਨਿਰਧਾਰਿਤ ਸਮੇਂ ਅੰਦਰ ਆਪਣੀਆਂ ਅਰਜ਼ੀਆਂ ਜਮ੍ਹਾ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਨਵਾਂ ਕਦਮ ਸਿੱਖਿਆ ਦੇ ਖੇਤਰ ’ਚ ਡਿਜ਼ੀਟਲ ਤਕਨਾਲੋਜੀ ਦੇ ਵਰਤੋਂ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਿਦਿਆਰਥੀਆਂ ਨੂੰ ਇਕ ਸੁਗਮ ਅਤੇ ਭਰੋਸੇਯੋਗ ਦਾਖਲਾ ਅਨੁਭਵ ਪ੍ਰਦਾਨ ਕਰੇਗਾ। ਇਸ ਮੌਕੇ ’ਵਰਸਿਟੀ ਦੇ ਡਾਇਰੈਕਟਰ ਖੋਜ ਡਾ. ਆਰਕੇ ਧਵਨ ਨੇ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਟੀਚਾ ਖੋਜ ਅਧਾਰਿਤ ਪੀਐੱਚਡੀ ਦਾਖਲਿਆਂ ’ਤੇ ਕੇਂਦਰਿਤ ਹੈ ਅਤੇ ਇਸ ਪ੍ਰਣਾਲੀ ਨੂੰ ਹੋਰ ਸਰਲ ਅਤੇ ਵਿਆਪਕ ਬਣਾਉਣ ਲਈ ਯੂਜੀਸੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਅਨੁਸਾਰ ਪੋਰਟਲ ਨੂੰ ਤਿਆਰ ਕੀਤਾ ਗਿਆ ਹੈ। ਇਸ ਮੌਕੇ ਸਕੂਲ ਆਫ਼ ਲਾਅ ਡੀਨ ਡਾ. ਜਸਪਾਲ ਸਿੰਘ, ਸਕੂਲ ਆਫ਼ ਲਾਅ ਨਰਸਿੰਗ ਡੀਨ ਡਾ. ਅਮਨਪ੍ਰੀਤ ਕੌਰ, ਅੰਡਰ ਸੈਕਟਰੀ ਡੀਐੱਸ. ਰਟੌਲ, ਆਈਟੀ ਟੀਮ ’ਚ ਸਾਫ਼ਟਵੇਅਰ ਡਿਵੈੱਲਪਰ ਮਨਦੀਪ ਕੁਮਾਰ, ਪ੍ਰੋਗਰਾਮਰ ਕਵਲਪਾਲ ਸਿੰਘ, ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।