ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਵੱਡੀ ਸਾਜ਼ਿਸ਼ ਨਾਕਾਮ: ਅਖੰਡ ਪਾਠ ਦੌਰਾਨ ਸ੍ਰੀ ਸਾਹਿਬ ਚੁੱਕਣ ਵਾਲਾ ਨੌਜਵਾਨ ਕਾਬੂ; ਸੰਗਤ 'ਚ ਭਾਰੀ ਰੋਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ 'ਚ ਭਾਰੀ ਰੋਸ ਅਤੇ ਚਿੰਤਾ ਦਾ ਮਾਹੌਲ ਹੈ। ਬੁੱਧਵਾਰ ਦੇਰ ਸ਼ਾਮ ਇੱਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਕੇ ਪਾਵਨ ਸਰੂਪ ਦੇ ਸਨਮੁਖ ਰੱਖੀ 'ਸ੍ਰੀ ਸਾਹਿਬ' ਨੂੰ ਚੁੱਕ ਲਿਆ। ਹਾਲਾਂਕਿ ਉੱਥੇ ਮੌਜੂਦ ਸੇਵਾਦਾਰਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਦਬੋਚ ਲਿਆ ਅਤੇ ਬਾਅਦ 'ਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
Publish Date: Fri, 12 Jun 2026 01:05 PM (IST)
Updated Date: Fri, 12 Jun 2026 01:07 PM (IST)

ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ 'ਚ ਭਾਰੀ ਰੋਸ ਅਤੇ ਚਿੰਤਾ ਦਾ ਮਾਹੌਲ ਹੈ। ਬੁੱਧਵਾਰ ਦੇਰ ਸ਼ਾਮ ਇੱਕ ਨੌਜਵਾਨ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਕੇ ਪਾਵਨ ਸਰੂਪ ਦੇ ਸਨਮੁਖ ਰੱਖੀ 'ਸ੍ਰੀ ਸਾਹਿਬ' ਨੂੰ ਚੁੱਕ ਲਿਆ। ਹਾਲਾਂਕਿ ਉੱਥੇ ਮੌਜੂਦ ਸੇਵਾਦਾਰਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਦਬੋਚ ਲਿਆ ਅਤੇ ਬਾਅਦ 'ਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਅਖੰਡ ਪਾਠ ਦੌਰਾਨ ਅਚਾਨਕ ਚੁੱਕੀ 'ਸ੍ਰੀ ਸਾਹਿਬ'
ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਪ੍ਰਬੰਧਕ (ਜਨਰਲ ਮੈਨੇਜਰ) ਮੇਜਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਇਸ ਦੀ ਸਖ਼ਤ ਸ਼ਬਦਾਂ 'ਚ ਨਿੜਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 35 ਸਾਲਾ ਨੌਜਵਾਨ ਪਹਿਲਾਂ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਦਰਸ਼ਨ ਕਰਨ ਪਹੁੰਚਿਆ। ਇਸ ਤੋਂ ਬਾਅਦ ਉਸ ਨੇ ਪਰਿਕਰਮਾ ਕੀਤੀ ਅਤੇ ਉਸ ਸਮੇਂ, ਜਦੋਂ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਚੱਲ ਰਿਹਾ ਸੀ, ਉਸ ਨੇ ਅਚਾਨਕ ਗੁਰੂ ਸਾਹਿਬ ਦੇ ਅੱਗੇ ਸੁਸ਼ੋਭਿਤ ਸ੍ਰੀ ਸਾਹਿਬ ਨੂੰ ਚੁੱਕ ਲਿਆ।
ਮੌਕੇ 'ਤੇ ਮੌਜੂਦ ਸੇਵਾਦਾਰਾਂ ਨੇ ਤੁਰੰਤ ਸਥਿਤੀ ਨੂੰ ਭਾਂਪ ਲਿਆ ਅਤੇ ਨੌਜਵਾਨ ਨੂੰ ਕੋਈ ਹੋਰ ਹਰਕਤ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਐੱਸ.ਜੀ.ਪੀ.ਸੀ. ਪ੍ਰਸ਼ਾਸਨ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਨਰਲ ਮੈਨੇਜਰ ਨੇ ਕਿਹਾ ਕਿ ਸ਼ਿਰੋਮਣੀ ਕਮੇਟੀ ਵੱਲੋਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਕੀ ਇਹ ਕੋਈ ਸਿਆਸੀ ਸਾਜ਼ਿਸ਼ ਹੈ?
ਉਨ੍ਹਾਂ ਦੱਸਿਆ ਕਿ ਫਿਲਹਾਲ ਮੁਲਜ਼ਮ ਦੀ ਪਛਾਣ ਅਤੇ ਉਸ ਦੇ ਪਿਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ, ਉਸ ਦੀ ਮੰਸ਼ਾ ਕੀ ਸੀ ਅਤੇ ਉਸ ਦੇ ਪਿੱਛੇ ਕੋਈ ਹੋਰ ਵਿਅਕਤੀ ਜਾਂ ਜਥੇਬੰਦੀ ਤਾਂ ਸਰਗਰਮ ਨਹੀਂ ਸੀ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਇਹ ਵੀ ਸਪਸ਼ਟ ਕੀਤਾ ਜਾਵੇ ਕਿ ਮੁਲਜ਼ਮ ਨੂੰ ਕਿਸੇ ਨੇ ਭੇਜਿਆ ਸੀ ਜਾਂ ਨਹੀਂ। "ਹੁਣ ਤੱਕ ਉਪਲਬਧ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ 'ਚ ਮੁਲਜ਼ਮ ਇਕੱਲਾ ਦਿਖਾਈ ਦੇ ਰਿਹਾ ਹੈ। ਫਿਲਹਾਲ ਉਸ ਦੇ ਨਾਲ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।"
— ਮੇਜਰ ਸਿੰਘ, ਜਨਰਲ ਮੈਨੇਜਰ, ਸ੍ਰੀ ਹਰਿਮੰਦਰ ਸਾਹਿਬ
ਪਹਿਲਾਂ ਹੋਈਆਂ ਘਟਨਾਵਾਂ ਦੇ ਸਾਜ਼ਿਸ਼ਕਰਤਾ ਵੀ ਨਸ਼ਰ ਕੀਤੇ ਜਾਣ
ਮੇਜਰ ਸਿੰਘ ਅਨੁਸਾਰ, ਕੁਝ ਸਾਲ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸੇ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਸੀ, ਪਰ ਉਸ ਦੇ ਪਿੱਛੇ ਦੀ ਸਾਜ਼ਿਸ਼ ਦਾ ਪੂਰੀ ਤਰ੍ਹਾਂ ਖੁਲਾਸਾ ਨਹੀਂ ਹੋ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਜ਼ਾ ਘਟਨਾ ਵੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਪ੍ਰਬੰਧ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ।
ਮੇਜਰ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਘਟਨਾ ਦੇ ਪਿੱਛੇ ਕੰਮ ਕਰ ਰਹੇ ਲੋਕਾਂ ਨੂੰ ਸਾਹਮਣੇ ਨਾ ਲਿਆਂਦਾ ਗਿਆ ਤਾਂ ਇਸ ਨਾਲ ਸਰਕਾਰ ਦੀ ਗੰਭੀਰਤਾ 'ਤੇ ਸਵਾਲ ਖੜ੍ਹੇ ਹੋਣਗੇ। ਉਨ੍ਹਾਂ ਨੇ ਸਮੂਹ ਗੁਰਦੁਆਰਾ ਪ੍ਰਬੰਧਕਾਂ, ਸੇਵਾਦਾਰਾਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਪੂਰੀ ਚੌਕਸੀ ਵਰਤਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਜਾਣਕਾਰੀ ਸਬੰਧਤ ਅਧਿਕਾਰੀਆਂ ਨੂੰ ਦੇਣ, ਤਾਂ ਜੋ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।