ਟ੍ਰੈਫਿਕ ਨਿਯਮ ਤੋੜਨ ਵਾਲੇ ਹੁੱਲੜਬਾਜ਼ਾਂ ਖ਼ਿਲਾਫ਼ ਹੋਵੇਗੀ ਕਾਰਵਾਈ
ਟ੍ਰੈਫਿਕ ਨਿਯਮ ਤੋੜਣ ਵਾਲੇ ਮਨਚਲਿਆਂ ਤੇ ਹੁੱਲੜਬਾਜਾਂ ਦੇ ਖਿਲਾਫ ਹੋਵੇਗੀ ਕਾਰਵਾਈ
Publish Date: Tue, 21 Apr 2026 06:33 PM (IST)
Updated Date: Wed, 22 Apr 2026 04:07 AM (IST)

ਏਡੀਸੀਪੀ ਟ੍ਰੈਫਿਕ ਨੇ ਖਾਲਸਾ ਕਾਲਜ ਦੇ ਸਾਹਮਣੇ ਫੁੱਟਪਾਥਾਂ ’ਤੇ ਟੇਬਲ ਕੁਰਸੀਆਂ ਸਜਾਉਣ ਵਾਲਿਆਂ ਨੂੰ ਦਿੱਤੀ ਚੇਤਾਵਨੀ ਖਾਲਸਾ ਕਾਲਜ ਦੇ ਸਾਹਮਣੇ ਚਾਹ ਦੀਆਂ ਚੁਸਕੀਆਂ ਲੈਣ ਵਾਲਿਆਂ ਦੀ ਹੁਣ ਖੈਰ ਨਹੀਂ ਹੁਕਮ ਅਦੂਲੀ ਕਰਨ ਵਾਲੇ ਕਸੂਰਵਾਰ ਦੁਕਾਨਦਾਰ ਨੂੰ ਭਰਨਾ ਪੈ ਸੱਕਦਾ ਹੈ ਟ੍ਰੈਫਿਕ ਚਲਾਣ ਦਾ ਜ਼ੁਰਮਾਨਾ ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼ਹਿਰ ਦੀ ਡਗਮਗਾਈ ਟੈ੍ਰਫਿਕ ਸਮੱਸਿਆ ਤੇ ਵਾਹਨਾਂ ਦੀ ਭੀੜ ਨੂੰ ਘਟਾਉਣ ਦੇ ਵਿਚ ਆਪਣੇ ਦਲਬਲ ਸਮੇਤ ਜੱਦੋਜਹਿਦ ਕਰ ਰਹੀ ਮਹਿਲਾ ਪੁਲਿਸ ਅਧਿਕਾਰੀ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਦੇ ਵੱਲੋਂ ਸ਼ਹਿਰ ਦੀਆਂ ਸਰਵਿਸ ਲਾਈਨ ਦੇ ਵਿਚ ਕਿਸੇ ਵੀ ਕਿਸਮ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਤਾੜਨਾ ਕੀਤੀ ਹੈ। ਇਸੇ ਸਿਲਸਿਲੇ ਤਹਿਤ ਉਨ੍ਹਾਂ ਦੇ ਵੱਲੋਂ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਦੇ ਐਨ ਸਾਹਮਣੇ ਬੀਤੇ ਕਈ ਦਹਾਕਿਆਂ ਤੋਂ ਚੱਲ ਰਹੇ ਨਿਰੰਜਨ ਟੀ-ਸਟਾਲ ਤੇ ਕਈ ਹੋਰ ਦੁਕਾਨਾਂ ਦੇ ਪ੍ਰਬੰਧਕਾਂ ਨੂੰ ਐਨ ਸੜਕ ਕਿਨਾਰੇ ਕਿਸੇ ਵੀ ਪ੍ਰਕਾਰ ਦੇ ਵਾਹਨ ਖੜੇ ਕਰਕੇ ਚਾਹ ਤੇ ਹੋਰ ਜਲ-ਪਾਨ ਪਦਾਰਥ ਨਾ ਦੇਣ ਤੋਂ ਵਰਜਿਆ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਵਾਹਨ ਚਾਲਕ ਦਾ ਚਲਾਨ ਤਾਂ ਹੋਵੇਗਾ ਹੀ ਸਗੋਂ ਇਸ ਦਾ ਹਰਜਾਨਾ ਵੀ ਕਸੂਰਵਾਰ ਦੁਕਾਨਦਾਰ ਨੂੰ ਭਰਨਾ ਪਵੇਗਾ। ਅਜਿਹੇ ਵਿਚ ਇਸ ਟੀ-ਸਟਾਲ ਤੇ ਹੋਰਨਾ ਦੁਕਾਨਾਂ ਤੋਂ ਚਾਹ ਤੇ ਜੂਸ ਦੀਆਂ ਚੁਸਕੀਆਂ ਲੈਣ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ। ਇਸ ਮਾਮਲੇ ’ਤੇ ਟ੍ਰੈਫਿਕ ਵਿਭਾਗ ਦੀਆਂ ਪੈਟਰੋਲੰਿਗ ਪਾਰਟੀਆਂ ਮੌਕੇ ਤੇ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰਨਗੀਆਂ। ਜਦੋਂ ਕਿ ਚਾਹ-ਪਾਣੀ ਦੀ ਆੜ ਵਿੱਚ ਸਟਾਲ ਦੇ ਬਾਹਰ ਲੱਗੀਆਂ ਕੁਰਸੀਆਂ ਮੇਜਾਂ ਤੇ ਬੈਠ ਕੇ ਆਉਂਦੀਆ ਜਾਂਦੀਆਂ ਲੜਕੀਆਂ ’ਤੇ ਤੰਜ ਤੇ ਵਿਅੰਗ ਕੱਸਣ ਵਾਲੇ ਮਨਚਲਿਆਂ ਤੇ ਸ਼ਰਾਰਤੀ ਅਨਸਰਾਂ ਦੀ ਵੀ ਹੁਣ ਖੈਰ ਨਹੀਂ ਹੋਵੇਗੀ। ਇਸ ਦੀ ਰੋਕਥਾਮ ਵਾਸਤੇ ਵੀ ਵਿਭਾਗ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਗਏ ਹਨ। ਏਡੀਸੀਪੀ ਟ੍ਰੈਫਿਕ ਦੀ ਇਸ ਆਮਦ ਤੋਂ ਕਿਸੇ ਵੀ ਕਿਸਮ ਦੇ ਲਿਹਾਜ ਦੀ ਗੁੰਜਾਇਸ਼ ਨਜ਼ਰ ਨਹੀਂ ਆਉਂਦੀ। ਉਚੇਚੇ ਤੌਰ ਤੇ ਇਲਾਕੇ ਦਾ ਦੌਰਾ ਕਰਨ ਪਹੁੰਚੇ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਏਰੀਏ ਦੇ ਵਿਚ ਟ੍ਰੈਫਿਕ ਆਵਾਜਾਈ ਦੇ ਵਿਚ ਆ ਰਹੀ ਖੜੌਤ ਤੇ ਕਾਰਨਾ ਦੀਆਂ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਜਦੋਂ ਕਿ ਇਸ ਪਾਸੇ ਤੋਂ ਗੁਜ਼ਰਣ ਵਾਲੀਆਂ ਵਿਿਦਆਰਥਣਾਂ ਦੇ ਨਾਲ ਛੇੜਛਾੜ ਜਾਂ ਹਾਸੇ ਠੱਠੇ ਦੀ ਸ਼ਿਕਾਇਤ ਦੇ ਮਾਮਲੇ ਤੇ ਕਿਸੇ ਵੀ ਕਸੂਰਵਾਰ ਤੇ ਮਨਚਲਿਆਂ ਅਤੇ ਹੁੱਲੜਬਾਜਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਦਾ ਬੜਾ ਹੀ ਵਿਅਸਤ ਖੇਤਰ ਹੈ। ਇਸ ਪਾਸੇ ਤੋਂ ਟ੍ਰੈਫਿਕ ਦੀ ਸਰਲ, ਸਫਲ ਤੇ ਸੁਖਾਲੀ ਆਵਾਜਾਈ ਦੇ ਲਈ ਵਿਭਾਗ ਵਚਨਬੱਧ ਹੈ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਦੀ ਹੂਬਹੂ ਪਾਲਣਾ ਹੋਵੇਗੀ। ਜਿਕਰਯੋਗ ਹੈ ਕਿ ਸ਼ਹਿਰ ਦੇ ਕਈ ਭੀੜ ਭੜੱਕੇ ਵਾਲੇ ਖੇਤਰਾਂ ਵਿੱਚ ਬੀਤੇ ਲੰਮੇ ਸਮੇਂ ਤੋਂ ਕਈ ਟੀ-ਸਟਾਲਾਂ ਵਾਲੇ ਆਪਣੀਆਂ ਮਨ ਮਰਜੀਆਂ ਕਰ ਰਹੇ ਹਨ। ਜਿੱਥੋਂ ਚਾਹ ਦੇ ਨਾਮ ਤੇ ਵੀਆਪੀ ਕਲਚਰ ਦੇ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਵਿਸ਼ੇਸ਼ਾਂ ਨੂੰ ਵੱਡੀਆਂ ਵੱਡੀਆਂ ਮਹਿੰਗੀਆਂ ਤੇ ਲਗਜ਼ਰੀ ਗੱਡੀਆਂ ਖੜੀਆਂ ਕਰਕੇ ਟਾਈਮ-ਪਾਸ ਕਰਦੇ ਵੇਖਿਆ ਗਿਆ ਹੈ। ਕੀ ਵਿਭਾਗ ਉਨ੍ਹਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਏਗਾ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਵਿਭਾਗੀ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਹੁਣ ਹੋਰਨਾ ਨੂੰ ਵੀ ਇਸ ਬਾਬਤ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।