ਹੀਟ ਵੇਵ ਨੇ ਵਧਾਈ ਤਪਸ਼, ਗਰਮੀ ਦਾ ਬਚਾਅ ਕਰਨ ਲੱਗੇ ਲੋਕ
ਹੀਟ ਵੇਵ ਨੇ ਵਧਾਈ ਤਪਸ਼, ਗਰਮੀ ਦਾ ਬਚਾਅ ਕਰਨ ਲੱਗੇ ਲੋਕ
Publish Date: Tue, 21 Apr 2026 06:23 PM (IST)
Updated Date: Wed, 22 Apr 2026 04:07 AM (IST)

ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਵਾਲੀ ਸੰਗਤ ਲਈ ਗਰਮੀ ਦੇ ਬਚਾਅ ਲਈ ਕੀਤੇ ਜਾ ਰਹੇ ਪ੍ਰਬੰਧ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪਿਛਲੇ ਦਿਨੀਂ ਹੋਈ ਗੜੇ ਮਾਰ ਅਤੇ ਮੀਹ ਤੋਂ ਬਾਅਦ ਕੜਾਕੇ ਦੀਆਂ ਧੁੱਪਾਂ ਨੇ ਲੋਕਾਂ ਨੂੰ ਇੱਕ ਵਾਰ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਹੈ। ਜਿੱਥੇ ਗਰਮੀ ਅਤੇ ਤੇਜ਼ ਧੁੱਪਾਂ ਨੇ ਕਣਕ ਦੀ ਫਸਲ ਨੂੰ ਸੁਨਹਿਰੀ ਕੀਤਾ ਹੈ, ਉਥੇ ਹੀ ਆਮ ਜਨ ਜੀਵਨ ਵਿਚ ਲੋਕਾਂ ਨੂੰ ਦਿਨ ਵੇਲੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ। ਵੱਧਦੀ ਗਰਮੀ ਨੂੰ ਦੇਖ ਕੇ ਹਰ ਕੋਈ ਆਪੋ ਆਪਣੇ ਪ੍ਰਬੰਧ ਕਰਨ ਵਿਚ ਲੱਗਾ ਹੈ। ਗੁਰੂ ਨਗਰੀ ਅੰਮ੍ਰਿਤਸਰ ਵਿਖੇ ਆਉਂਣ ਵਾਲੇ ਯਾਤਰੂਆਂ ਦੀ ਆਮਦ ਗਰਮੀ ਦੇ ਮੌਸਮ ਕਾਰਨ ਘਟੀ ਹੈ। ਉਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗਰਮੀ ਨੂੰ ਦੇਖਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ੍ਰੀ ਹਰਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਗਰਮੀ ਨੂੰ ਦੇਖਦਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿਚ ਜਿੱਥੇ ਪਹਿਲੋਂ ਤੋਂ ਹੀ ਚਾਰੇ ਕੋਨਿਆਂ ਵਿਚ ਠੰਡੇ ਜਲ ਦੀਆਂ ਛਬੀਲਾਂ ਚੱਲਦੀਆਂ ਹਨ। ਉਥੇ ਹੀ ਸੰਗਤ ਦੀ ਸਹੂਲਤ ਨੂੰ ਦੇਖਦਿਆਂ ਪਰਿਕਰਮਾ ਵਿਚ ਜੂਟ ਮੈਟ ਵਿਛਾਏ ਗਏ ਹਨ, ਇਹਨਾਂ ਜੂਟ ਮੈਟਾਂ ‘ਤੇ ਸੇਵਾਦਾਰਾਂ ਵੱਲੋਂ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈ, ਤਾਂ ਜੋ ਸੰਗਤ ਨੂੰ ਚੱਲਣ ਸਮੇਂ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ। ਇਸ ਤੋਂ ਇਲਾਵਾ ਦਰਸ਼ਨ ਕਰਨ ਸਮੇਂ ਸੰਗਤਾਂ ਦੀਆਂ ਕਤਾਰਾਂ ਦੇ ਉੱਪਰ ਸ਼ਮਿਆਨੇ ਲਗਾਏ ਗਏ ਹਨ। ਉਸ ਦੇ ਨਾਲ ਹੀ ਲੋੜ ਅਨੁਸਾਰ ਪੱਖੇ ਅਤੇ ਕੂਲਰ ਵੀ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਵੱਲੋਂ ਸੰਗਤ ਲਈ ਹਮੇਸ਼ਾ ਹੀ ਮੌਸਮ ਅਨੁਸਾਰ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ।