ਔਰਤਾਂ ’ਤੇ ਅੱਤਿਆਚਾਰ ਸਹਿਣ ਨਹੀਂ ਕੀਤਾ ਜਾਵੇਗਾ : ਬਾਬਾ ਸੈਣੀ
ਔਰਤਾਂ ’ਤੇ ਅੱਤਿਆਚਾਰ ਸਹਿਣ ਨਹੀਂ ਕੀਤਾ ਜਾਵੇਗਾ: ਬਾਬਾ ਸੈਣੀ
Publish Date: Tue, 24 Mar 2026 06:28 PM (IST)
Updated Date: Wed, 25 Mar 2026 04:05 AM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਅਤੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਪੰਜਾਬ ਦੀ ਮਾਨ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਕੁਝ ਸ਼ਰਾਰਤੀ ਲੋਕ ਬਿਨਾਂ ਕਿਸੇ ਡਰ ਤੋਂ ਔਰਤਾਂ ’ਤੇ ਜ਼ੁਲਮ ਕਰ ਰਹੇ ਹਨ, ਜੋ ਕਿਸੇ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ। ਇਹ ਜਾਣਕਾਰੀ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪੰਜਾਬ ਉਪ ਪ੍ਰਧਾਨ ਬਾਬਾ ਮਨਜੀਤ ਸਿੰਘ ਸੈਣੀ ਨੇ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਦਫਤਰ ਵਿਚ ਸ਼ਿਕਾਇਤ ਦੇਣ ਤੋਂ ਬਾਅਦ ਦਿੱਤੀ। ਉਨ੍ਹਾਂ ਦੱਸਿਆ ਕਿ ਕਾਨੂੰਨ ਪ੍ਰਣਾਲੀ ਦਾ ਇੰਨਾ ਬੁਰਾ ਹਾਲ ਹੈ ਕਿ ਆਏ ਦਿਨ ਗੋਲੀ ਕਾਂਡ, ਲੁੱਟਾ ਖੋਹਾਂ, ਡਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨੂੰ ਰੋਕਣ ਵਿਚ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਜੰਡਿਆਲਾ ਦੇ ਅਧੀਨ ਆਉਂਦੇ ਪਿੰਡ ਨਿਜ਼ਾਮਪੁਰਾ ਦੀ ਰਹਿਣ ਵਾਲੀ ਪੀੜਤ ਸਿਮਰਨਜੀਤ ਕੌਰ ਇਨਸਾਫ ਲਈ ਠੋਕਰਾਂ ਖਾ ਰਹੀ ਹੈ ਅਤੇ ਬੀਤੇ ਕੁਝ ਦਿਨ ਮਹਿਲਾਂ ਇਸ ਦੇ ਪਿੰਡ ਦੇ ਹੀ ਕੁਝ ਸ਼ਰਾਰਤੀ ਅਨਸਰਾਂ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਦਾ ਰਾਹ ਰੋਕ ਕੇ ਬਦਸਲੂਕੀ ਕੀਤੀ ਗਈ ਅਤੇ ਕੁੱਟਮਾਰ ਕਰਨ ਤੋਂ ਬਾਅਦ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪੁਲਿਸ ਥਾਣੇ ਸ਼ਿਕਾਇਤ ਦੇਣ ਦੇ ਬਾਅਦ ਵੀ ਸ਼ਰਾਰਤੀ ਅਨਸਰਾਂ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਪੀੜਤ ਪਰਿਵਾਰ ਸ਼ਰਾਰਤੀ ਅਨਸਰਾਂ ਦੀਆਂ ਧਮਕੀਆਂ ਕਾਰਨ ਡਰ ਦੇ ਮਾਹੌਲ ਵਿਚ ਰਹਿ ਰਿਹਾ ਹੈ। ਬਾਬਾ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਐੱਸਐੱਸਪੀ ਦਿਹਾਤੀ ਦਫਤਰ ਵਿਚ ਸ਼ਿਕਾਇਤ ਦਿੱਤੀ ਗਈ ਹੈ ਅਤੇ ਉੱਚ ਅਧਿਕਾਰੀ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਵਾਲਮੀਕਿ ਮਜਬੀ ਸਿੱਖ ਮੋਰਚਾ ਮਜਬੂਰਨ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਸੜਕਾਂ ’ਤੇ ਆਵੇਗਾ। ਇਸ ਮੌਕੇ ਚੇਅਰਪਰਸਨ ਪਰਮਜੀਤ ਕੌਰ ਸੈਣੀ ਆਦਿ ਹਾਜ਼ਰ ਸਨ।