ਅਫ਼ਗਾਨ ਨਾਗਰਿਕ ਸਣੇ ਛੇ ਵਿਅਕਤੀ ਕਿੱਲੋ ਹੈਰੋਇਨ, 5 ਪਿਸਤੌਲਾਂ ਤੇ 5 ਲੱਖ ਦੀ ਡਰੱਗ ਮਨੀ ਨਾਲ ਗ੍ਰਿਫ਼ਤਾਰ
ਅਫ਼ਗਾਨ ਨਾਗਰਿਕ ਸਮੇਤ ਛੇ ਵਿਅਕਤੀ 1 ਕਿਲੋ ਹੈਰੋਇਨ, 5 ਪਿਸਤੌਲਾਂ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਨਾਲ ਗ੍ਰਿਫ਼ਤਾਰ
Publish Date: Fri, 05 Jun 2026 06:24 PM (IST)
Updated Date: Sat, 06 Jun 2026 04:05 AM (IST)

ਫੋਟੋ: 27 ਕੈਪਸ਼ਨ : ਜਾਣਕਾਰੀ ਦਿੰਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਹੋਰ। * ਮੁਲਜ਼ਮਾਂ ਦਾ ਹੈ ਪੁਰਾਣਾ ਅਪਰਾਧਕ ਰਿਕਾਰਡ * ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ ਦੋ ਨਾਬਾਲਗ ਵੀ ਸ਼ਾਮਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਅਫ਼ਗਾਨ ਨਾਗਰਿਕ ਤੇ ਦੋ ਨਾਬਾਲਗ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਸਰਹੱਦ ਪਾਰ ਦੇ ਹਥਿਆਰਾਂ, ਨਸ਼ਿਆਂ ਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਕਰ ਕੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 1.035 ਕਿੱਲੋ ਹੈਰੋਇਨ, ਪੰਜ ਆਧੁਨਿਕ ਪਿਸਤੌਲ ਤੇ 5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬਾਜ਼ ਮੁਹੰਮਦ (62), ਜੋ ਕਿ ਅਫਗਾਨਿਸਤਾਨ ਦਾ ਨਾਗਰਿਕ ਹੈ ਅਤੇ ਪਹਿਲਾਂ ਹਰਿਆਣਾ ਦੇ ਸੋਨੀਪਤ ’ਚ ਰਹਿ ਰਿਹਾ ਸੀ ਤੇ ਹਾਲ ਹੀ ਵਿਚ ਨਵੀਂ ਦਿੱਲੀ ਦੇ ਲਾਜਪਤ ਨਗਰ ਰਹਿਣ ਲੱਗਾ ਸੀ। ਨਵਾਂਸ਼ਹਿਰ ਦੀ ਗੁਰੂ ਅੰਗਦ ਦੇਵ ਕਾਲੋਨੀ ਵਾਸੀ ਅੰਕੁਸ਼ ਬਰਥਵਾਲ (33), ਜਲੰਧਰ ਦੇ ਪਿੰਡ ਭੱਟੀਆਂ ਵਾਸੀ ਦੇਸ ਰਾਜ ਉਰਫ਼ ਵਿੱਕੀ (32), ਲੋਪੋਕੇ ਦੇ ਪਿੰਡ ਰਣੀਆ ਵਾਸੀ ਰਾਜਨਦੀਪ ਸਿੰਘ ਉਰਫ਼ ਰਾਜਾ (26), ਜੋ ਵਰਤਮਾਨ ’ਚ ਅੰਮ੍ਰਿਤਸਰ ਦੇ ਸੰਨੀ ਐਨਕਲੇਵ ’ਚ ਰਹਿ ਰਿਹਾ ਹੈ, ਵਜੋਂ ਹੋਈ ਹੈ। ਇਸ ਤੋਂ ਇਲਾਵਾ ਗ੍ਰਿਫ਼ਤਾਰ ਮੁਲਜ਼ਮਾਂ ’ਚ ਦੋ ਨਾਬਾਲਗ ਵੀ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਬਾਜ਼ ਮੁਹੰਮਦ, ਅੰਕੁਸ਼ ਬਰਥਵਾਲ ਤੇ ਦੇਸ ਰਾਜ ਉਰਫ਼ ਵਿੱਕੀ ਆਦਤਨ ਅਪਰਾਧੀ ਹਨ, ਜਿਨ੍ਹਾਂ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ। ਬਰਾਮਦ ਕੀਤੀਆਂ ਗਈਆਂ ਪਿਸਤੌਲਾਂ ’ਚ ਤਿੰਨ 9 ਐੱਮਐੱਮ ਗਲੋਕ (ਆਸਟ੍ਰੀਆ ਦੇ ਬਣੇ), ਇਕ .30 ਬੋਰ ਜ਼ਿਗਾਨਾ ਪਿਸਤੌਲ, ਇਕ .30 ਬੋਰ ਪਿਸਤੌਲ ਤੇ ਦੋ ਕਾਰਤੂਸ ਸ਼ਾਮਲ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਆਪਣੇ ਵਿਦੇਸ਼ੀ ਸਾਥੀਆਂ ਨਾਲ ਮਿਲ ਕੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਥਾਪਤ ਸੰਪਰਕਾਂ ਜ਼ਰੀਏ ਗ਼ੈਰ-ਕਾਨੂੰਨੀ ਹਥਿਆਰਾਂ ਤੇ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕਰ ਕੇ ਫਿਰ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਇਨ੍ਹਾਂ ਨੂੰ ਅੱਗੇ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਨੈੱਟਵਰਕ ਮਾਝਾ ਤੇ ਦੋਆਬਾ ਖੇਤਰਾਂ ’ਚ ਸਰਗਰਮੀ ਨਾਲ ਕੰਮ ਕਰ ਰਿਹਾ ਸੀ। ਡੀਜੀਪੀ ਨੇ ਕਿਹਾ ਕਿ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਤੇ ਹੋਰ ਜਾਣਕਾਰੀ ਦਾ ਪਤਾ ਲਗਾਉਣ ਲਈ ਇਸ ਕੇਸ ’ਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁਰੂ ਵਿਚ ਪੁਲਿਸ ਟੀਮਾਂ ਨੇ ਦੋ ਨਾਬਾਲਗਾਂ ਨੂੰ ਇਕ ਗਲੌਕ ਪਿਸਤੌਲ ਤੇ ਦੋ ਕਾਰਤੂਸਾਂ ਸਮੇਤ ਫੜਿਆ ਸੀ ਅਤੇ ਫਿਰ ਉਨ੍ਹਾਂ ਵੱਲੋਂ ਕੀਤੇ ਖੁਲਾਸਿਆਂ ਦੇ ਅਧਾਰ ’ਤੇ 500 ਗ੍ਰਾਮ ਹੈਰੋਇਨ ਤੇ ਇਕ ਹੋਰ ਪਿਸਤੌਲ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਰੱਖਦਿਆਂ ਪੁਲਿਸ ਟੀਮਾਂ ਨੇ ਮੁਲਜ਼ਮ ਬਾਜ਼ ਮੁਹੰਮਦ, ਅੰਕੁਸ਼ ਬਰਥਵਾਲ ਤੇ ਦੇਸ ਰਾਜ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਤਿੰਨ ਪਿਸਤੌਲ, 535 ਗ੍ਰਾਮ ਹੈਰੋਇਨ ਤੇ 5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਦੂਜੇ ਸਾਥੀ ਰਾਜਨਦੀਪ ਸਿੰਘ ਉਰਫ਼ ਰਾਜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਅੰਕੁਸ਼ ਬਰਥਵਾਲ ਹਾਲ ਹੀ ’ਚ ਯੂਗਾਂਡਾ, ਜਿੱਥੇ ਉਹ ਨੌਕਰੀ ਕਰ ਰਿਹਾ ਸੀ, ਤੋਂ ਭਾਰਤ ਪਰਤਿਆ ਸੀ। ਵਿਦੇਸ਼ ’ਚ ਉਸ ਦੇ ਇਕ ਸਹਿਕਰਮੀ ਨੇ ਉਸ ਨੂੰ ਮੁਲਜ਼ਮ ਬਾਜ਼ ਮੁਹੰਮਦ ਨਾਲ ਜਾਣੂ ਕਰਵਾਇਆ ਤੇ ਭਾਰਤ ਵਾਪਸ ਆਉਣ ਤੋਂ ਬਾਅਦ ਅੰਕੁਸ਼ ਨੇ ਬਾਜ਼ ਮੁਹੰਮਦ ਨਾਲ ਹੱਥ ਮਿਲਾ ਕੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਸਪਲਾਈ ’ਚ ਸ਼ਾਮਲ ਹੋ ਗਿਆ। ਇਸ ਸਬੰਧ ’ਚ ਅੰਮ੍ਰਿਤਸਰ ਦੇ ਪੁਲਿਸ ਥਾਣਾ ਛਾਉਣੀ ਵਿਖੇ ਐੱਫਆਈਆਰ ਦਰਜ ਕੀਤੀ ਹੈ।