ਮੀਰੀ ਪੀਰੀ ਮੈਡੀਕਲ ਇੰਸਟੀਚਿਊਟ ਦੇ ਜਬਰੀ ਕਬਜ਼ਾ ਕਰਨ ਵਿਰੁੱਧ ਸੰਗਤ ਦਾ ਵੱਡਾ ਇਕੱਠ
ਮੀਰੀ ਪੀਰੀ ਮੈਡੀਕਲ ਇੰਸਟੀਚਿਊਟ ਦੇ ਜ਼ਬਰੀ ਕਬਜ਼ਾ ਕਰਨ ਦੇ ਵਿਰੁੱਧ ਸੰਗਤਾਂ ਦਾ ਹੋਇਆ ਵੱਡਾ ਇਕੱਠ
Publish Date: Tue, 07 Apr 2026 08:53 PM (IST)
Updated Date: Wed, 08 Apr 2026 04:15 AM (IST)

ਦੋਸ਼ੀਆਂ ਖਿਲਾਫ ਕਾਰਵਾਈ ਦੀ ਥਾਂ ਸੰਸਥਾ ਦੇ ਟਰੱਸਟੀਆਂ ਤੇ ਸੰਗਤਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਪੁਲਿਸ : ਐਡਵੋਕੇਟ ਧਾਮੀ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ: : ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ ਪੀਰੀ ਟਰੱਸਟ ਇੱਕ ਸੁਤੰਤਰ ਸੰਸਥਾ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣੇ ਦੀ ਸੰਗਤ ਦੀ ਸਹੂਲਤ ਲਈ ਇਸ ਟਰੱਸਟ ਨੂੰ ਕਰੋੜਾਂ ਰੁਪਏ ਹਰ ਸਾਲ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਚੈਰੀਟੇਬਲ ਟਰੱਸਟ ਸ਼ਾਹਾਬਾਦ ਮਾਰਕੰਡਾ ਵਿਖੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਸ਼ਿਕਾਇਤ ਕਰਨ ਮਗਰੋਂ ਵੀ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਥਾਂ ਪੁਲਿਸ ਵੱਲੋਂ ਸੰਸਥਾ ਦੇ ਟਰੱਸਟੀਆਂ ਤੇ ਸੰਗਤ ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ। ਇਸ ਧੱਕੇਸ਼ਾਹੀ ਦਾ ਹਰਿਆਣਾ ਦੀ ਸਿੱਖ ਸੰਗਤ ਵੱਲੋਂ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਸਬੰਧੀ ਹਰਿਆਣਾ ਰਾਜ ਦੀ ਸਮੂਹ ਸੰਗਤ ਨੇ ਮੀਰੀ ਪੀਰੀ ਇੰਸਟੀਚਿਊਟ ਵਿਖੇ ਵੱਡਾ ਇਕੱਠ ਕਰਕੇ ਇਸ ਧੱਕੇਬਾਜ਼ੀ ਦਾ ਵਿਰੋਧ ਕੀਤਾ। ਇਸ ਮੌਕੇ ਐਡਵੋਕੇਟ ਧਾਮੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ‘ਤੇ ਕਬਜ਼ਾ ਕਰਨਾ ਚਾਹਿਆ ਸੀ ਤਾਂ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਚਲਾ ਗਿਆ ਸੀ। ਹਾਈਕੋਰਟ ਨੇ ਇਸ ‘ਤੇ ਸਟੇਅ ਦਿੱਤਾ ਹੈ ਜਿਸ ਦੀ ਦਾਦੂਵਾਲ ਅਤੇ ਉਸ ਦੇ ਸਾਥੀਆਂ ਵੱਲੋਂ ਉਲੰਘਣਾ ਕੀਤੀ ਗਈ ਹੈ। ਸਿੱਖ ਸੰਗਤ ਇਹੋ ਜਿਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਹਾਈਕੋਰਟ ਵੱਲੋਂ ਇਸ ਹੁਕਮ ਦੀ ਉਲੰਘਣਾ ਦਾ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਰਘੂਜੀਤ ਸਿੰਘ ਵਿਰਕ ਨੇ ਸੰਬੋਧਨ ਕਰਦਿਆ ਕਿਹਾ ਕਿ ਮੀਰੀ ਪੀਰੀ ਇੰਸਟੀਚਿਊਟ ਵਿਖੇ ਜਲਦੀ ਹੀ ਮੈਡੀਕਲ ਕਾਲਜ ਖੋਲ੍ਹਿਆ ਜਾ ਰਿਹਾ ਹੈ, ਜਿਸ ਦੀਆਂ ਇਮਾਰਤਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਹਰਿਆਣਾ ਰਾਜ ਦੇ ਬੱਚਿਆਂ ਨੂੰ ਮੈਡੀਕਲ ਦੀ ਪੜਾਈ ਕਰਨ ਦੀ ਸਹੂਲਤ ਮਿਲੇਗੀ। ਅੰਤ੍ਰਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਕਾਇਮਪੁਰ ਨੇ ਕਿਹਾ ਕਿ ਹਸਪਤਾਲ ਦੀ ਬਿਲਡਿੰਗ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮੈਡੀਕਲ ਕਾਲਜ ਲਈ 100 ਐਮਬੀਬੀਐਸ ਵਿਦਿਆਰਥੀਆਂ ਦੀਆਂ ਸੀਟਾਂ ਲਈ ਐਨਓਸੀ ਦਿੱਤੀ ਜਾਵੇ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਹਰਭਜਨ ਸਿੰਘ ਮਸਾਣਾ ਨੇ ਕਿਹਾ ਕਿ ਮੀਰੀ ਪੀਰੀ ਹਸਪਤਾਲ ਇਲਾਕੇ ਦੀ ਸੰਗਤ ਨੂੰ ਵਧੀਆ ਸਹੂਲਤ ਦੇ ਰਿਹਾ ਹੈ। ਸੰਗਤਾਂ ਇਸ ਤੇ ਕਿਸੇ ਨੂੰ ਵੀ ਕਬਜਾ ਨਹੀਂ ਕਰਨ ਦੇਣਗੀਆਂ। ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਬਲਦੇਵ ਸਿੰਘ, ਮੋਹਨਜੀਤ ਸਿੰਘ ਪਾਣੀਪਤ, ਬੀਬੀ ਜਸਬੀਰ ਕੌਰ ਮਸਾਣਾ, ਸੁਖਜਿੰਦਰ ਸਿੰਘ ਮਸਾਣਾ, ਗੁਰਜੀਤ ਸਿੰਘ ਧਮੌਲੀ, ਹਰਿੰਦਰ ਸਿੰਘ ਰਛੇੜੀ, ਕਰਮਜੀਤ ਸਿੰਘ ਫਤਿਹਾਬਾਦ, ਬਿੰਦਰ ਸਿੰਘ ਖਾਲਸਾ ਕਾਲਿਆਂਵਾਲੀ, ਰਵਿੰਦਰ ਸਿੰਘ ਰਾਣਾ ਫਰੀਦਾਬਾਦ, ਬਲਕਾਰ ਸਿੰਘ ਮਰਦੋ ਸਾਹਿਬ, ਕੁਲਦੀਪ ਸਿੰਘ ਜੋਗੇਵਾਲ, ਗੁਰਮੇਜ਼ ਸਿੰਘ ਸਿਰਸਾ, ਕਰਮਜੀਤ ਸਿੰਘ ਰਤੀਆ, ਹਰਮਨ ਸਿੰਘ ਬੁੱਟਰ, ਗੁਰਮੇਜ਼ ਸਿੰਘ ਰਤੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਨੂੰ ਸੰਗਤ ਨੇ ਚੁਣ ਕੇ ਭੇਜਿਆ ਹੈ ਪਰ ਅਸੀਂ ਹਮੇਸ਼ਾਂ ਸੱਚ ਦੇ ਨਾਲ ਖੜਾਂਗੇ। ਹਰਿਅਣਾ ਦੀ ਸਿੱਖ ਸੰਗਤ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰਿਆਣਾ ਲਈ ਕਾਰਜ ਕੀਤੇ ਜਾ ਰਹੇ ਹਨ ਉਸ ਦੀ ਸ਼ਲਾਘਾ ਕਰਦੀ ਹੈ ਅਤੇ ਕਿਸੇ ਵੀ ਸਖਸ਼ ਨੂੰ ਇਸ ਨੂੰ ਰੋਕਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਹਰਿਆਣਾ ਕਮੇਟੀ ਮੈਂਬਰ ਦਾਦੂਵਾਲ ਦੀ ਇਸ ਹਰਕਤ ਦੀ ਪੁਰਜੋਰ ਸ਼ਬਦਾਂ ਵਿਚ ਸਖ਼ਤ ਨਖੇਧੀ ਕਰਦੇ ਹਾਂ। ਇਸ ਮੌਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤਜਿੰਦਰਪਾਲ ਸਿੰਘ ਲਾਡਵਾ, ਬੀਬੀ ਅਮਰਜੀਤ ਕੌਰ ਬਾੜਾ, ਬੀਬੀ ਮਨਜੀਤ ਕੌਰ ਗੰਧੋਲਾ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਤੋਂ ਇਲਾਵਾ ਹਰਿਆਣਾ ਰਾਜ ਦੇ ਵੱਖ-ਵੱਖ ਜਿਿਲਆਂ ਤੋਂ ਵੱਡੀ ਗਿਣਤੀ ਸੰਗਤ ਨੇ ਸ਼ਮੂਲੀਅਤ ਕੀਤੀ।