ਰੇਲਵੇ ਸਟੇਸ਼ਨ ਕੰਪਲੈਕਸ ’ਚ ਪ੍ਰਦੇਸ਼ ਦਾ ਪਹਿਲਾ ਸਟੋਰ ਤਿਆਰ, ਛੇਤੀ ਖੁੱਲ੍ਹੇਗਾ
ਰੇ੍ਰਲਵੇ ਯਾਤਰੀਆਂ ਨੂੰ ਹੁਣ ਦਵਾਈਆਂ ਲਈ ਸਟੇਸ਼ਨ ਤੋਂ ਨਹੀਂ ਜਾਣਾ ਪਵੇਗਾ ਬਾਹਰ
Publish Date: Fri, 27 Mar 2026 08:34 PM (IST)
Updated Date: Sat, 28 Mar 2026 04:12 AM (IST)
* ਯਾਤਰੀਆਂ ਨੂੰ ਹੁਣ ਦਵਾਈਆਂ ਲਈ ਰੇਲਵੇ ਸਟੇਸ਼ਨ ਤੋਂ ਨਹੀਂ ਜਾਣਾ ਪਵੇਗਾ ਬਾਹਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਹੁਣ ਦਵਾਈਆਂ ਲਈ ਬਾਹਰ ਨਹੀਂ ਜਾਣਾ ਪਵੇਗਾ। ਫਿਰੋਜ਼ਪੁਰ ਮੰਡਲ ਨੇ ਹੁਣ ਸਟੇਸ਼ਨ ਦੇ ਅੰਦਰ ਇਕ ਮੈਡੀਕਲ ਸਟੋਰ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਹੈ। ਇਸ ਦਾ ਠੇਕਾ ਜੈਪੁਰ (ਰਾਜਸਥਾਨ) ਦੀ ਦਵਾ ਦੋਸਤ ਫਾਰਮਾ ਪ੍ਰਾਈਵੇਟ ਕੰਪਨੀ ਨੂੰ ਤਿੰਨ ਸਾਲ ਲਈ ਦਿੱਤਾ ਗਿਆ ਹੈ। ਇਸ ਸਟੋਰ ਤੋਂ ਦਵਾਈਆਂ ਖਰੀਦਣ ’ਤੇ 10 ਤੋਂ 80 ਫ਼ੀਸਦੀ ਛੋਟ ਦਾ ਫਾਇਦਾ ਮਿਲੇਗਾ। ਇਸ ਤੋਂ ਪਹਿਲਾਂ ਫਿਰੋਜ਼ਪੁਰ ਡਵੀਜ਼ਨ ਦੇ ਕਿਸੇ ਵੀ ਰੇਲਵੇ ਸਟੇਸ਼ਨ 'ਤੇ ਇਹ ਸਹੂਲਤ ਮੌਜੂਦ ਨਹੀਂ ਹੈ। ਕੰਪਨੀ ਦੇ ਆਲ ਇੰਡੀਆ ਮੈਨੇਜਰ ਅਭਿਸ਼ੇਕ ਅੱਗਰਵਾਲ ਨੇ ਕਿਹਾ ਕਿ ਕੰਪਨੀ ਪਿਛਲੇ ਸੱਤ ਸਾਲਾਂ ਤੋਂ ਇਸ ਵਿਭਾਗ ਨਾਲ ਜੁੜੀ ਹੋਈ ਹੈ ਤੇ ਇਸ ਤੋਂ ਪਹਿਲਾਂ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਉੱਤਰਾਖੰਡ, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਬੈਂਗਲੁਰੂ, ਹੈਦਰਾਬਾਦ, ਮਹਾਰਾਸ਼ਟਰ ਤੇ ਹਰਿਆਣਾ ਦੇ ਰੇਲਵੇ ਸਟੇਸ਼ਨਾਂ ’ਤੇ 100 ਤੋਂ ਵੱਧ ਮੈਡੀਕਲ ਸਟੋਰ ਸਫਲਤਾਪੂਰਵਕ ਚਲਾ ਰਹੀ ਹੈ। ਇਹ ਫਿਰੋਜ਼ਪੁਰ ਡਵੀਜ਼ਨ ’ਚ ਪਹਿਲਾ ਸਟੋਰ ਖੁੱਲ੍ਹ ਰਿਹਾ ਹੈ, ਜਦੋਂ ਕਿ ਇਸ ਸਹੂਲਤ ਨੂੰ ਹੋਰ ਸਟੇਸ਼ਨਾਂ ਤੱਕ ਵਧਾਉਣ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ’ਚ ਸਟੋਰ ਸਵੇਰੇ 7 ਤੋਂ ਰਾਤ 10 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਤਿੰਨ ਤੋਂ ਚਾਰ ਫਾਰਮਾਸਿਸਟ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ 24 ਘੰਟੇ ਸੇਵਾ ਉਪਲਬਧ ਹੋਵੇਗੀ। ਰੇਲਵੇ ਸਟੇਸ਼ਨ ’ਤੇ ਬੁਕਿੰਗ ਕਾਊਂਟਰ ਨੇੜੇ ਇਹ ਸਟੋਰ ਬਣ ਕੇ ਤਿਆਰ ਹਨ। ਹੁਣ ਸਿਰਫ ਡਰੱਗ ਲਾਇਸੈਂਸ ਮਿਲਣ ਦੀ ਉਡੀਕ ਹੈ। ਲਾਇਸੈਂਸ ਮਿਲਣ ਦੇ ਤੁਰੰਤ ਬਾਅਦ ਸਟੋਰ ’ਚ ਦਵਾਈਆਂ ਉਪਲਬਧ ਹੋ ਜਾਣਗੀਆਂ। 10 ਅਪ੍ਰੈਲ ਤੱਕ ਟੋਰ ਖੁੱਲ੍ਹ ਜਾਣ ਦੀ ਸੰਭਾਵਨਾ ਹੈ।
ਕੋਟਸ)----ਫਿਰੋਜ਼ਪੁਰ ਡਵੀਜ਼ਨ ਹਮੇਸ਼ਾ ਯਾਤਰੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਤਰਜੀਹ ਦਿੰਦਾ ਹੈ। ਇਸ ਲਈ ਡਵੀਜ਼ਨ ਦੇ ਸਾਰੇ ਸਟੇਸ਼ਨਾਂ 'ਤੇ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਮੈਡੀਕਲ ਸਟੋਰ ਖੋਲ੍ਹਣਾ ਇਸ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। ਇਸ ਨਾਲ ਖਾਸ ਕਰ ਕੇ ਬਜ਼ੁਰਗਾਂ, ਬੱਚਿਆਂ ਤੇ ਐਮਰਜੈਂਸੀ ਸਥਿਤੀਆਂ ’ਚ ਫਸੇ ਯਾਤਰੀਆਂ ਨੂੰ ਮਹੱਤਵਪੂਰਨ ਰਾਹਤ ਮਿਲੇਗੀ। ਇਸ ਤੋਂ ਇਲਾਵਾ ਦਵਾਈਆਂ 'ਤੇ ਛੋਟ ਵਿੱਤੀ ਰਾਹਤ ਵੀ ਪ੍ਰਦਾਨ ਕਰੇਗੀ। – ਪਰਮਦੀਪ ਸਿੰਘ ਸੈਣੀ, ਸੀਨੀਅਰ ਡੀਸੀਐਮ, ਫਿਰੋਜ਼ਪੁਰ ਡਵੀਜ਼ਨ।