ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਕਾਹਲੋਂ ਨੇ ਜਥੇਦਾਰ ਅੱਗੇ ਰੱਖਿਆ ਪੱਖ
ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਕਾਹਲੋਂ ਨੇ ਜਥੇਦਾਰ ਅੱਗੇ ਰੱਖਿਆ ਪੱਖ
Publish Date: Fri, 27 Feb 2026 07:57 PM (IST)
Updated Date: Sat, 28 Feb 2026 04:07 AM (IST)

ਫੋਟੋ: 42 ਕੈਪਸ਼ਨ : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਗੇ ਆਪਣਾ ਪੱਖ ਰੱਖਦੇ ਹੋਏ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਹੋਰ। * ਜਥੇਦਾਰ ਨੇ 15 ਦਿਨ ’ਚ 25 ਅਕਤੂਬਰ ਨੂੰ ਪਾਸ ਕੀਤੇ ਮਤੇ ਰੱਦ ਕਰਨ ਦੇ ਦਿੱਤੇ ਆਦੇਸ਼ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੱਲੋਂ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰ ਕੇ ਆਪਣਾ ਪੱਖ ਰੱਖਿਆ। ਇਸ ਵਫ਼ਦ ’ਚ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇਪੀ, ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਮੈਂਬਰ ਸਰਦਾਰ ਭੁਪਿੰਦਰ ਸਿੰਘ ਭੁੱਲਰ, ਸੁੱਖਵਿੰਦਰ ਸਿੰਘ ਬੱਬਰ ਆਦਿ ਸ਼ਾਮਲ ਸਨ। ਕਾਲਕਾ ਤੇ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ 25 ਅਕਤੂਬਰ ਨੂੰ ਹੋਈ ਕਮੇਟੀ ਦੀ ਜਨਰਲ ਹਾਊਸ ਮੀਟਿੰਗ ਦੇ ਸਬੰਧ ’ਚ ਕਮੇਟੀ ਦੇ ਅਹੁਦੇਦਾਰਾਂ ਨੂੰ ਸੱਦਿਆ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਦੱਸਿਆ ਕਿ ਕਮੇਟੀ ਦੀ ਮੌਜੂਦਾ ਟੀਮ ਕੰਮ ਪਾਰਦਰਸ਼ਤਾ ਨਾਲ ਕਰਨ ਦੇ ਨਾਲ-ਨਾਲ ਕੌਮ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਸਾਰੀ ਗੱਲ ਬਹੁਤ ਹੀ ਧਿਆਨ ਨਾਲ ਸੁਨਣ ਮਗਰੋਂ ਕਿਹਾ ਕਿ ਉਹ 13 ਅਪ੍ਰੈਲ ਨੂੰ ਵਿਸਾਖੀ ਉਪਰੰਤ ਦਿੱਲੀ ਦੀਆਂ ਸਾਰੀਆਂ ਧਿਰਾਂ ਦੀ ਸਾਂਝੀ ਮੀਟਿੰਗ ਸੱਦ ਕੇ ਅੱਗੇ ਲਈ ਵਿਚਾਰ ਕਰਨਗੇ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਉਲੰਘਣਾ ਕਰਕੇ 25 ਅਕਤੂਬਰ ਨੂੰ ਜਨਰਲ ਹਾਊਸ ਦੀ ਮੀਟਿੰਗ ਸੱਦ ਕੇ ਮਤੇ ਪਾਸ ਕੀਤੇ ਸਨ। ਦਿੱਲੀ ਕਮੇਟੀ ਦੇ ਅਹੁਦੇਦਾਰਾਂ ਨੂੰ 15 ਦਿਨ ਦੇ ਅੰਦਰ ਮੀਟਿੰਗ ਕਰਕੇ 25 ਅਕਤੂਬਰ 2025 ਨੂੰ ਪਾਸ ਕੀਤੇ ਮਤੇ ਰੱਦ ਕਰਨ ਦਾ ਆਦੇਸ਼ ਦਿੱਤਾ ਹੈ, ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਜਥੇਦਾਰ ਨੇ ਕਿਹਾ ਦਿੱਲੀ ਕਮੇਟੀ ਸਬੰਧੀ ਆਈਆਂ ਸ਼ਿਕਾਇਤਾਂ ਸਬੰਧੀ ਵਿਸਾਖੀ ਤੋਂ ਬਾਅਦ ਪੁਰਾਣੇ ਅਤੇ ਮੌਜੂਦਾਂ ਪ੍ਰਧਾਨਾਂ ਨੂੰ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਸਿੱਖ ਸੀਏ ਦੀ ਜਿੰਮੇਵਾਰੀ ਲਗਾਕੇ ਦਿੱਲੀ ਕਮੇਟੀ ਦਾ ਆਡਿਟ ਕਰਵਾਇਆ ਜਾਵੇਗਾ ਤਾਂ ਜੋ 2006 ਤੋਂ ਹੁਣ ਤੱਕ ਦੇ ਖਾਤਿਆਂ ਦੀ ਜਾਂਚ ਹੋ ਸਕੇ ਅਤੇ ਘਾਟੇ ਵਿਚ ਚੱਲ ਰਹੇ ਸਕੂਲਾਂ ਬਾਰੇ ਵੀ ਪਤਾ ਚੱਲ ਸਕੇ।