ਸੱਚ ਹਰ ਪੱਖੋਂ ਸਾਹਮਣੇ ਆਉਣਾ ਚਾਹੀਦਾ : ਜਥੇਦਾਰ
ਸੱਚ ਹਰ ਪੱਖ ਤੋਂ ਸਾਹਮਣੇ ਆਉਣਾ ਚਾਹੀਦਾ- ਜਥੇਦਾਰ
Publish Date: Fri, 27 Feb 2026 07:48 PM (IST)
Updated Date: Sat, 28 Feb 2026 04:07 AM (IST)

ਫੋਟੋ: 43 ਕੈਪਸ਼ਨ : ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗਿਆਨੀ ਕੁਲਦੀਪ ਸਿੰਘ ਗੜਗੱਜ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰ ਵੱਲੋਂ ਗਿਆਨੀ ਰਘਬੀਰ ਸਿੰਘ ’ਤੇ ਜੋ ਦੋਸ਼ ਲਾਏ ਗਏ ਹਨ ਜਾਂ ਗਿਆਨੀ ਰਘਬੀਰ ਸਿੰਘ ਵੱਲੋਂ ਜੋ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਾਏ ਗਏ ਹਨ, ਸੱਚ ਹਰ ਪੱਖੋਂ ਸਾਹਮਣੇ ਆਉਣਾ ਚਾਹੀਦਾ ਹੈ। 328 ਪਾਵਨ ਸਰੂਪਾਂ ਦੇ ਮਾਮਲੇ ’ਚ ਬਣਾਈ ਐੱਸਆਈਟੀ ’ਚ ਅੰਮ੍ਰਿਤਧਾਰੀ ਸਿੱਖ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਕਿਉਂਕਿ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜਿਆ ਹੈ, ਇਸ ਲਈ ਜਾਂਚ ਟੀਮ ’ਚ ਅੰਮ੍ਰਿਤਧਾਰੀ ਮੈਂਬਰ ਹੋਣੇ ਚਾਹੀਦੇ ਹਨ, ਕਿਉਂਕਿ ਉਹ ਮਰਿਆਦਾ ਤੋਂ ਵਧੇਰੇ ਜਾਣੂ ਹੁੰਦੇ ਹਨ। ਦਿੱਲੀ ਦੇ ਗੁਰਦੁਆਰਿਆਂ ’ਚ ਕੀਰਤਨ ਦੌਰਾਨ ਉੱਚੀ ਆਵਾਜ਼ ’ਚ ਹੂਕਾਂ ਮਾਰਨ ਬਾਰੇ ਉਨ੍ਹਾਂ ਕਿਹਾ ਕਿ ਗੁਰਬਾਣੀ ਕੀਰਤਨ ਸਿੱਖ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਹੈ। ਕੀਰਤਨ ਸਮੇਂ ਮਾਹੌਲ ਗੁਰਬਾਣੀ ਮਈ ਹੋਣਾ ਚਾਹੀਦਾ ਹੈ ਅਤੇ ਬਿਨਾਂ ਲੋੜ ਦੇ ਸ਼ੋਰ ਤੋਂ ਬਚਣਾ ਚਾਹੀਦਾ ਹੈ। ਜੇ ਸ਼ਿਕਾਇਤ ਮਿਲੀ ਤਾਂ ਸਬੰਧਤ ਧਿਰ ਨੂੰ ਬੁਲਾ ਕੇ ਸਮਝਾਇਆ ਜਾਵੇਗਾ। ਹੋਲਾ-ਮਹੱਲੇ ਸਬੰਧੀ ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਪੰਥਕ ਜਜ਼ਬੇ ਅਤੇ ਚੜ੍ਹਦੀਕਲਾ ਨਾਲ ਸ੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਨੂੰ ਸਮਰਪਿਤ ਹੋ ਕੇ ਖਾਲਸਾਈ ਜਾਹੋ-ਜਲਾਲ ਨਾਲ ਤਿਉਹਾਰ ਮਨਾਇਆ ਜਾਵੇ।