- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਗਰੀ ’ਚ ਗੁੰਜਣਗੇ ਹਰ ਹਰ ਮਹਾਦੇਵ ਦੇ ਜੈਕਾਰੇ, ਮੰਦਰਾਂ ‘ਚ ਕੀਤੀ ਸਜਾਵਟ

ਰਾਜਨ ਮਹਿਰਾ, ਪੰਜਾਬੀ ਜਾਗਰਣ
ਅੰਮ੍ਰਿਤਸਰ : ਮਹਾਸ਼ਿਵਰਾਤਰੀ ਦਾ ਤਿਉਹਾਰ ਗੁਰੂ ਨਗਰੀ ਵਿਚ ਬੜੀ ਧੂਮਧਾਮ ਤੇ ਸ਼ਰਧਾ ਨਾਲ 15 ਫਰਵਰੀ ਐਤਵਾਰ ਨੂੰ ਮਨਾਇਆ ਜਾਵੇਗਾ। ਸਵੇਰ ਤੋਂ ਹੀ ਮੰਦਰਾਂ ਦੇ ਬਾਹਰ ਭਗਤਾਂ ਦੀਆਂ ਲੰਬੀਆਂ ਲਾਈਨਾਂ ਨਜ਼ਰ ਆਉਣਗੀਆਂ ਤੇ ਸਵੇਰੇ ਮੰਦਰ ਦੇ ਕਿਵਾੜ ਖੁੱਲਣ ’ਤੇ ਸ਼ਿਵ ਭਗਤ ਸ਼ਿਵਲਿੰਗ ਦਾ ਸ਼ਿੰਗਾਰ ਕਰਦੇ ਹੋਏ ਜਲ ਚੜ੍ਹਾ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਨਗੇ। ਅੰਮ੍ਰਿਤਸਰ ਸ਼ਹਿਰ ਦੇ ਸ਼੍ਰੀ ਦੁਰਗਿਆਣਾ ਮੰਦਰ ਸ਼ਿਵਾਲਾ, ਸ਼ਿਵਾਲਾ ਬਾਗ ਭਾਈਆ, ਗੋਪਾਲ ਮੰਦਰ, ਹਰੀ ਮੰਦਰ ਤੇ ਹੋਰ ਸ਼ਿਵਾਲਿਆ ’ਚ ਸਵੇਰੇ ਸ਼ਿਵ ਸ਼ੰਕਰ ਜੀ ਦਾ ਸ਼ਿੰਗਾਰ ਕਰਨ ਉਪਰੰਤ ਸ਼ਿਵਲਿੰਗ ’ਤੇ ਕੱਚੀ ਲੱਸੀ, ਦੁੱਧ ਦਾ ਇਸ਼ਨਾਨ ਕਰਵਾ ਕੇ ਸ਼ਿਵ ਆਰਤੀ ਤੇ ਸ਼ਿਵ ਮੰਤਰਾਂ ਦਾ ਜਾਪ ਕੀਤਾ ਜਾਵੇਗਾ। ਗੁਰੂ ਨਗਰੀ ’ਚ ਹਰ ਹਰ ਮਹਾਦੇਵ, ਜੈ ਸ਼ਿਵ ਸ਼ੰਕਰ ਦੇ ਜੈਕਾਰੇ ਸੁਣਨ ਨੂੰ ਮਿਲਣਗੇ ਅਤੇ ਸ਼ਿਵ ਭਗਤ ਮੰਦਰਾਂ ’ਚ ਹਾਜ਼ਰੀਆਂ ਭਰਨਗੇ। ਮੰਦਰਾਂ ’ਚ ਸਜਾਵਟਾਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਮੰਦਰਾਂ ’ਚ ਮੱਥਾ ਟੇਕਣ ਲਈ ਪਹੁੰਚੇ ਸ਼ਰਧਾਲੂ ਬੇਲ ਪੱਤਰ, ਅੱਕ ਤਤੂਰਾ, ਮਠਿਆਈਆਂ, ਫਰੂਟ ਤੇ ਹੋਰ ਸਮੱਗਰੀ ਚੜ੍ਹਾ ਕੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। ਮੰਦਰਾਂ ਦੇ ਬਾਹਰ ਬਾਜ਼ਾਰਾਂ ਵਿਚ ਬੱਚਿਆਂ ਦੇ ਮਨੋਰੰਜਨ ਲਈ ਖਿਡੌਣੇ ਤੇ ਪੰਗੂੜੇ ਵੀ ਲਾਏ ਗਏ ਹਨ। ਸ਼ਹਿਰ ਵਿਚ ਜਗ੍ਹਾ-ਜਗ੍ਹਾ ਤੇ ਸ਼ਿਵ ਭਗਤਾਂ ਵੱਲੋਂ ਲੰਗਰ ਲਗਾਉਣ ਦੇ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਮਹਾਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮੰਦਰਾਂ ਦੇ ਬਾਹਰ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਨਾ ਵਾਪਰੇ।
ਸਿਵਾਲਾ ਬਾਗ ਭਾਈਆ ਨੇ ਪ੍ਰਬੰਧਕ ਕਮੇਟੀ ਮੈਂਬਰ ਬਲਦੇਵ ਰਾਜ ਬੱਗਾ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਤੜਕੇ ਤੋਂ ਹੀ ਸ਼ਿਵ ਭਗਤ ਮੰਦਰ ਵਿਚ ਮੱਥਾ ਟੇਕਣ ਲਈ ਲੰਬੀਆਂ ਲਾਈਨਾਂ ਵਿਚ ਲੱਗਣੇ ਸ਼ੁਰੂ ਹੋ ਜਾਂਦੇ ਹਨ ਅਤੇ ਸਵੇਰ ਤੋਂ ਰਾਤ ਤਕ ਵੱਖ-ਵੱਖ ਭਜਨ ਮੰਡਲੀਆਂ ਭੋਲੇਨਾਥ ਜੀ ਦੇ ਭਜਨ ਗਾਇਨ ਕਰਨਗੇ ਅਤੇ ਆਉਣ ਵਾਲੀਆਂ ਸੰਗਤਾਂ ਲਈ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਿਉਹਾਰ ਮੌਕੇ ਮੰਦਰ ਨੂੰ ਚਾਰੋ ਪਾਸਿਓਂ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ ਤੇ ਸ਼ਿਵ ਭਗਤਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਲਿਖਤੀ ਭੇਜ ਦਿੱਤਾ ਗਿਆ ਹੈ।
ਸ਼੍ਰੀ ਦੁਰਗਿਆਣਾ ਸ਼ਿਵਪੁਰੀ ਸ਼ਿਵਾਲਾ ਦੇ ਸੇਵਾਦਾਰ ਵਿਕਰਮ ਸ਼ਰਮਾ ਨੰਨ੍ਹੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ 14 ਫਰਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅਤੇ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਜੀ ਦੇ ਸ਼ਿਵਲਿੰਗ ਦਾ ਸ਼ਿੰਗਾਰ ਕੀਤਾ ਜਾਵੇਗਾ, ਆਰਤੀ ਕੀਤੀ ਜਾਵੇਗੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਸਵੇਰ ਤੋਂ ਹੀ ਮੱਥਾ ਟੇਕਣ ਲਈ ਆਉਂਦੀਆਂ ਰਹਿਣਗੀਆਂ।
ਸ਼ਿਵਾਲਾ ਨਰਮਦੇਸ਼ਵਰ ਵੇਰਕਾ ਬਾਈਪਾਸ ਦੇ ਮੁੱਖ ਸੇਵਾਦਾਰ ਸਾਹਿਲ ਸੇਠ ਨੇ ਕਿਹਾ ਕਿ ਮਹਾਸ਼ਿਵਰਾਤਰੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੂਰੇ ਮੰਦਰ ਨੂੰ ਸਜਾਇਆ ਗਿਆ ਹੈ ਅਤੇ ਭਗਵਾਨ ਸ਼ਿਵ ਜੀ ਦੇ ਸ਼ਿਵਲਿੰਗ ਦਾ ਸ਼ਿੰਗਾਰ ਕੀਤਾ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੰਦਰ ਵਿਚ ਨਤਮਸਤਕ ਹੋ ਕੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਨਗੇ।