ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਲਈ 10 ਹਾਈ ਪਾਵਰ ਕਮੇਟੀਆਂ ਦਾ ਗਠਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਖੇਤਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਭੂਮਿਕਾ’ ਵਿਸ਼ੇ ’ਤੇ ਹੋ ਰਹੀ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਸੁਚੱਜੇ ਅਤੇ ਵਿਧੀਵਤ ਢੰਗ ਨਾਲ ਕਰਵਾਉਣ ਲਈ 10 ਹਾਈ ਪਾਵਰ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ 10 ਹਾਈ ਪਾਵਰ ਕਮੇਟੀਆਂ ਦੀ ਪਲੇਠੀ ਮੀਟਿੰਗ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਾਨਫਰੰਸ ਦੇ ਉਦੇਸ਼ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਸ਼ਵ ਪੰਜਾਬੀ ਕਾਨਫਰੰਸ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਇੱਕ ਇਤਿਹਾਸਕ ਕਦਮ ਸਾਬਤ ਹੋਵੇਗੀ। ਡਾ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਮਕਸਦ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਨਵੀਂ ਦਿਸ਼ਾ ਦੇਣਾ ਹੈ, ਤਾਂ ਜੋ ਪੰਜਾਬੀ ਨੂੰ ਗਲੋਬਲ ਪੱਧਰ ’ਤੇ ਹੋਰ ਮਜ਼ਬੂਤੀ ਮਿਲ ਸਕੇ। ਉਨ੍ਹਾਂ ਸਾਰੀਆਂ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਦਿਨ-ਰਾਤ ਇੱਕ ਕਰ ਕੇ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਦੌਰਾਨ ਵਿਸ਼ਵ ਪੱਧਰ ਦੇ ਵਿਦਵਾਨ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਇੱਕ ਢੁੱਕਵਾਂ ਰੋਡ ਮੈਪ ਤਿਆਰ ਕੀਤਾ ਜਾਵੇਗਾ, ਜਿਸ ਦੇ ਆਧਾਰ ’ਤੇ ਭਵਿੱਖ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਦੇ ਵਿਕਾਸ ਲਈ ਨੀਤੀਆਂ ਅਤੇ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ। ਇਸ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਦੇ ਕਨਵੀਨਰ ਪ੍ਰੋਫੈਸਰ ਮਨਜਿੰਦਰ ਸਿੰਘ (ਮੁਖੀ, ਪੰਜਾਬੀ ਅਧਿਐਨ ਸਕੂਲ) ਹੋਣਗੇ। ਕਾਨਫਰੰਸ ਨੂੰ ਉੱਚ ਪੱਧਰ ’ਤੇ ਸਫਲ ਬਣਾਉਣ ਲਈ ਕੁੱਲ ਦਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪ੍ਰਬੰਧਕੀ ਕਮੇਟੀ, ਸਨਮਾਨ ਪੱਤਰ ਤੇ ਪ੍ਰਕਾਸ਼ਨ ਕਮੇਟੀ, ਰੀਫਰੈਸ਼ਮੈਂਟ ਕਮੇਟੀ, ਹੋਸਪਿਟੈਲਿਟੀ ਕਮੇਟੀ, ਵੇਂਡਰ ਅਤੇ ਖਰੀਦ ਕਮੇਟੀ, ਫਾਇਨੈਂਸ ਤੇ ਪਰਚੇਜ਼ ਕਮੇਟੀ, ਆਈਟੀ ਕਮੇਟੀ, ਵਾਹਨ ਅਤੇ ਟਰਾਂਸਪੋਰਟੇਸ਼ਨ ਕਮੇਟੀ, ਵੈਨਿਊ ਮੈਨੇਜਮੈਂਟ ਤੇ ਸਿਟਿੰਗ ਅਰੇਂਜਮੈਂਟ ਕਮੇਟੀ, ਇਨਸੈਪਸ਼ਨ, ਸਟੇਜ, ਲਾਈਟਸ, ਸਾਊਂਡ ਅਤੇ ਸਟੇਸ਼ਨਰੀ ਕਮੇਟੀ ਅਤੇ ਪ੍ਰੈੱਸ ਤੇ ਮੀਡੀਆ ਕਮੇਟੀ ਸ਼ਾਮਲ ਹਨ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਵੱਲੋਂ ਇਨ੍ਹਾਂ ਸਾਰੀਆਂ ਕਮੇਟੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਹਾਈ ਪਾਵਰ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਵੀ ਹੋ ਚੁੱਕੀ ਹੈ। ਇਸ ਮੀਟਿੰਗ ਦੌਰਾਨ 20, 21 ਅਤੇ 22 ਫਰਵਰੀ ਨੂੰ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਵੀ ਕੀਤੀ ਗਈ।