ਜੀਐੱਨਡੀਯੂ ਦੇ ਸ਼ੂਟਰਾਂ ਨੇ ਏਸ਼ੀਆਈ ਪੱਧਰ ’ਤੇ ਕੀਤੀ ਕਮਾਲ, ਜਿੱਤੇ ਤਮਗੇ
ਜੀਐਨਡੀਯੂ ਦੇ ਸ਼ੂਟਰਾਂ ਦਾ ਏਸ਼ੀਆਈ ਪੱਧਰ 'ਤੇ ਕੀਤੀ ਕਮਾਲ, ਜਿੱਤੇ ਤਮਗੇ
Publish Date: Fri, 13 Feb 2026 04:31 PM (IST)
Updated Date: Fri, 13 Feb 2026 04:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ-2026 ਵਿਚ ਧਮਾਕੇਦਾਰ ਪ੍ਰਦਰਸ਼ਨ ਕਰ ਕੇ ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਨਵੀਂ ਦਿੱਲੀ ਦੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਚ 2 ਤੋਂ 14 ਫਰਵਰੀ ਤਕ ਚੱਲੀ ਇਸ ਮਹੱਤਵਪੂਰਨ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵਰਲਡ ਰਿਕਾਰਡ ਸਮੇਤ ਕਈ ਸੋਨੇ-ਚਾਂਦੀ ਦੇ ਤਮਗੇ ਜਿੱਤ ਕੇ ਯੂਨੀਵਰਸਿਟੀ ਨੂੰ ਖੇਡਾਂ ਦਾ ਵੱਡਾ ਕੇਂਦਰ ਸਾਬਤ ਕਰ ਦਿੱਤਾ। ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਰਹੀ ਕਿ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਈਵੈਂਟ ਵਿੱਚ 362 ਦੇ ਬਹੁਤ ਵਧੀਆ ਸਕੋਰ ਨਾਲ ਨਵਾਂ ਵਰਲਡ ਰਿਕਾਰਡ ਬਣਾਇਆ ਅਤੇ ਵਿਅਕਤੀਗਤ ਤੇ ਟੀਮ ਦੋਵੇਂ ਸੋਨੇ ਦੇ ਤਮਗੇ ਆਪਣੇ ਨਾਂ ਕੀਤੇ। ਇਸ ਤੋਂ ਇਲਾਵਾ ਹੋਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ੂਟਰਾਂ ਨੇ ਵੀ ਕਮਾਲ ਕਰ ਦਿੱਤਾ, ਜਿਨ੍ਹਾਂ ਵਿੱਚ ਅਦਿਰਾਇਣ ਕਰਮਾਕਰ, 50 ਮੀਟਰ ਰਾਈਫਲ ਪ੍ਰੋਨ ਵਿਚ ਗੋਲਡ ਤੇ ਸਿਲਵਰ ਅਭਿਨਵ ਸ਼ਾਅ, ਏਅਰ ਰਾਈਫਲ ਟੀਮ ਈਵੈਂਟ ਵਿੱਚ ਗੋਲਡ, ਅਸ਼ੀ ਚੋਕਸੀ 50 ਮੀਟਰ ਰਾਈਫਲ ਟੀਮ ਵਿਚ ਸਿਲਵਰ ਹਰਸ਼ ਗੁਪਤਾ 25 ਮੀਟਰ ਸਟੈਂਡਰਡ ਪਿਸਟਲ ਵਿਚ ਗੋਲਡ ਤੇ ਸਿਲਵਰ ਅਤੇ ਸਿਫਤ ਕੌਰ, ਵਿਅਕਤੀਗਤ ਅਤੇ ਟੀਮ ਗੋਲਡ ਮੈਡਲ ਸ਼ਾਮਲ ਹਨ। ਇਸ ਮੌਕੇ ਯੂਨੀਵਰਸਿਟੀ ਵਿਚ ਸ਼ੂਟਿੰਗ ਰੇਂਜ, ਮਲਟੀਪਰਪਜ਼ ਇੰਡੋਰ ਜਿਮ, ਇੰਟਰਨੈਸ਼ਨਲ ਸਟੈਂਡਰਡ ਸਹੂਲਤਾਂ, ਫਿਜ਼ੀਓਥੈਰੇਪੀ ਅਤੇ ਮਾਨਸਿਕ ਕੌਂਸਲਿੰਗ ਵਰਗੀਆਂ ਵਧੀਆ ਵਿਵਸਥਾਵਾਂ ਨੇ ਖਿਡਾਰੀਆਂ ਨੂੰ ਵਿਸ਼ਵ ਪੱਧਰ ’ਤੇ ਲੜਨ ਯੋਗ ਬਣਾਇਆ ਹੈ। ਪ੍ਰੋ. ਕਰਮਜੀਤ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤਾਂ ਸਿਰਫ਼ ਯੂਨੀਵਰਸਿਟੀ ਦੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਦੀ ਸ਼ਾਨ ਹਨ। ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਨੇ ਵੀ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ, ਡੀਨ ਵਿਦਿਆਰਥੀ ਭਲਾਈ ਅਤੇ ਕੋਚ ਰਾਜਵਿੰਦਰ ਕੌਰ ਦਾ ਧੰਨਵਾਦ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਭਾਰਤ ਵਿੱਚ ਸ਼ੂਟਿੰਗ ਦਾ ਵੱਡਾ ਹੱਬ ਬਣ ਚੁੱਕੀ ਹੈ, ਜਿੱਥੇ ਵਿਦਿਆਰਥੀ ਵਿਦੇਸ਼ੀ ਮੈਦਾਨਾਂ ’ਤੇ ਵੀ ਝੰਡਾ ਲਹਿਰਾਉਂਦੇ ਹਨ। ਇਹ ਸਫਲਤਾਵਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ ਕਿ ਮਿਹਨਤ ਅਤੇ ਸਹੀ ਅਗਵਾਈ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਯੂਨੀਵਰਸਿਟੀ ਅੱਗੇ ਵੀ ਚੈਂਪੀਅਨ ਬਣਾਉਂਣ ਲਈ ਵਚਨਬੱਧ ਹੈ।