ਖੇਤੀਬਾੜੀ ਦੀ ਉਦਯਮਿਤਾ ’ਚ ਬਦਲਾਊ ਭੂਮਿਕਾ ਵਿਸ਼ੇ ’ਤੇ ਰਾਸ਼ਟਰੀ ਕਾਨਫਰੰਸ
ਖੇਤੀਬਾੜੀ ਦੀ ਉਦਯਮਿਤਾ ਵਿੱਚ ਬਦਲਾਊ ਭੂਮਿਕਾ ਵਿਸ਼ੇ ‘ਤੇ ਰਾਸ਼ਟਰੀ ਕਾਨਫਰੰਸ
Publish Date: Fri, 13 Feb 2026 04:28 PM (IST)
Updated Date: Fri, 13 Feb 2026 04:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜਨੈੱਸ ਸਕੂਲ ਵੱਲੋਂ ਸੈਂਟਰ ਫੋਰ ਐਗਰੀਕਲਚਰ ਰਿਸਰਚ ਐਂਡ ਇਨੋਵੇਸ਼ਨ ਦੇ ਸਹਿਯੋਗ ਨਾਲ, ਜੋ ਕਿ ਰਾਸ਼ਟਰੀ ਉੱਚਤਰ ਸ਼ਿਕਸ਼ਾ ਮੁਹਿੰਮ 2.0 ਅਧੀਨ ਸਥਾਪਿਤ ਹੈ। ਖੇਤੀਬਾੜੀ ਦੀ ਉਦਯਮਿਤਾ ਵਿੱਚ ਬਦਲਾਊ ਭੂਮਿਕਾ-ਟਿਕਾਊ ਵਿਕਾਸਪੂਰਨ ਉਦੇਸ਼ ਦੀ ਪ੍ਰਾਪਤੀ ਵੱਲ ਇੱਕ ਕਦਮ ਵਿਸ਼ੇ ’ਤੇ ਦੋ ਦਿਨਾਂ ਰਾਸ਼ਟਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 200 ਤੋਂ ਵੱਧ ਪ੍ਰਤੀਨਿਧੀਆਂ, ਅਧਿਆਪਕਾਂ, ਖੋਜਕਾਰਾਂ, ਨੀਤੀ-ਨਿਰਧਾਰਕਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਦੋ ਦਿਨਾਂ ਦੌਰਾਨ ਖੇਤੀਬਾੜੀ ਨੂੰ ਰੁਜ਼ਗਾਰ ਅਤੇ ਆਪਣੇ ਵਪਾਰ ਦੀ ਸਿਰਜਣਾ ਨਾਲ ਜੋੜਨ, ਨਵੀਂ ਸੋਚ ਅਧਾਰਿਤ ਤਰੀਕਿਆਂ ਨੂੰ ਅਪਣਾਉਣ ਅਤੇ ਦਿਹਾਤੀ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਸਬੰਧੀ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਨਫਰੰਸ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਹੋਇਆ। ਇਸ ਮੌਕੇ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਪ੍ਰੋ. ਡਾ. ਪੀਕੇ ਪਾਤੀ, ਕੋਆਰਡੀਨੇਟਰ ਅਤੇ ਖੇਤੀਬਾੜੀ ਵਿਭਾਗ ਦੇ ਮੁਖੀ ਅਤੇ ਪ੍ਰੋ. ਡਾ. ਸੰਜੈ ਮੋਦੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਟਿਕਾਊ ਖੇਤੀ ਪ੍ਰਣਾਲੀਆਂ, ਨਵਚੇਤਨਾ ਆਧਾਰਿਤ ਯੋਜਨਾਵਾਂ ਅਤੇ ਇਕਰੂਪ ਨੀਤੀਆਂ ਰਾਹੀਂ ਮੌਜੂਦਾ ਆਰਥਿਕ ਅਤੇ ਦਿਹਾਤੀ ਚੁਣੌਤੀਆਂ ਦਾ ਸਫਲ ਹੱਲ ਲੱਭਿਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਖੇਤੀਬਾੜੀ ਨੂੰ ਸਿਰਫ ਉਤਪਾਦਨ ਤਕ ਸੀਮਿਤ ਨਾ ਰੱਖ ਕੇ ਇਸ ਨੂੰ ਉਦਯਮਿਤਾ, ਮੁੱਲ-ਵੱਧੂ ਪ੍ਰਕਿਰਿਆਵਾਂ ਅਤੇ ਰੁਜ਼ਗਾਰ ਦੇ ਨਵੇਂ ਮੌਕਿਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਯੂਨੀਵਰਸਿਟੀ ਬਿਜ਼ਨੈੱਸ ਸਕੂਲ ਦੇ ਮੁਖੀ ਪ੍ਰੋ. ਡਾ. ਵਿਕਰਮ ਸੰਧੂ ਨੇ ਕਾਨਫਰੰਸ ਦੇ ਉਦੇਸ਼ਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਡਾ. ਦਿਵਿਆ ਮਹਾਜਨ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਈ। ਤਕਨੀਕੀ ਬੈਠਕਾਂ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਖੇਤੀ, ਉਦਯਮਿਤਾ ਅਤੇ ਪਿੰਡੂ ਵਿਕਾਸ ਨਾਲ ਸੰਬੰਧਿਤ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ।