ਭਾਰਤੀ ਕਰੰਸੀ ਨੋਟਾਂ ’ਤੇ ਮੋਹਰ ਲਾ ਕੇ ਗੁਰਦੁਆਰਾ ਸ਼ਹੀਦ ਗੰਜ ਵਿਖੇ ‘ਖ਼ਜ਼ਾਨਾ’ ਵੰਡਣਾ ਗੁਰਮਤਿ ਵਿਰੋਧੀ ਵਰਤਾਰਾ
ਭਾਰਤੀ ਕਰੰਸੀ ਨੋਟਾਂ ’ਤੇ ਮੋਹਰ ਲਾ ਕੇ ਗੁਰਦੁਆਰਾ ਸ਼ਹੀਦ ਗੰਜ ਵਿਖੇ ‘ਖਜਾਨਾ’ ਵੰਡਣਾ ਗੁਰਮਤਿ ਵਿਰੋਧੀ ਵਰਤਾਰਾ
Publish Date: Tue, 03 Feb 2026 07:31 PM (IST)
Updated Date: Tue, 03 Feb 2026 07:32 PM (IST)

ਜਥੇਦਾਰ ਤੇ ਸ਼੍ਰੋਮਣੀ ਕਮੇਟੀ ਮਨਮਤੀ ਵਰਤਾਰੇ ਨੂੰ ਰੋਕਣ ’ਚ ਅਸਫਲ : ਪ੍ਰੋ. ਸਰਚਾਂਦ ਸਿੰਘ ਖਿਆਲਾ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਵਿਖੇ ਕੁਝ ਵਿਅਕਤੀਆਂ ਵੱਲੋਂ ਭਾਰਤੀ ਕਰੰਸੀ ਨੋਟਾਂ ’ਤੇ ‘ਖ਼ਜ਼ਾਨਾ ਬਾਬਾ ਦੀਪ ਸਿੰਘ ਜੀ, ‘ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਅਤੇ ਸੇਵਕ ਜਥਾ ਇਸ਼ਨਾਨ ਆਦਿ ਮੋਹਰਾਂ ਲਗਾ ਕੇ ਮਾਇਆ ਵੰਡਣ ਦੀ ਲਗਾਤਾਰ ਹੋ ਰਹੀ ਕਾਰਵਾਈ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਸ ਗੁਰਮਿਤ ਵਿਰੋਧੀ ਵਰਤਾਰੇ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਜੇ ਤੱਕ ਕੋਈ ਠੋਸ ਨੋਟਿਸ ਨਾ ਲੈਣਾ ਬਹੁਤ ਹੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਗੁਰਮਤਿ ਦੇ ਨਾਮ-ਬਾਣੀ ਸੰਕਲਪ, ਸਿੱਖੀ ਦੇ ਮੂਲ ਸਿਧਾਂਤਾਂ, ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਦੀ ਸਿੱਧੀ ਉਲੰਘਣਾ ਹੈ ਅਤੇ ਇਸ ਖੁੱਲ੍ਹਮ-ਖੁੱਲ੍ਹਾ ਮਨਮਤੀ ਰਵੱਈਏ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਸਿੱਖੀ ’ਚ ‘ਨਾਮ ਦਾ ਖ਼ਜ਼ਾਨਾ’ ਗੁਰਬਾਣੀ, ਸਿਮਰਨ, ਸੇਵਾ ਅਤੇ ਸੱਚੇ ਆਚਰਣ ਰਾਹੀਂ ਪ੍ਰਾਪਤ ਹੁੰਦਾ ਹੈ, ਨਾ ਕਿ ਭਾਰਤੀ ਕਰੰਸੀ ਨੋਟਾਂ ’ਤੇ ਮੋਹਰ ਲਾ ਕੇ ਆਸ਼ੀਰਵਾਦ ਸਮਝ ਕੇ ਜੇਬਾਂ ਜਾਂ ਪਰਸਾਂ ਵਿਚ ਰੱਖਣ ਨਾਲ। ਇਸ ਤਰ੍ਹਾਂ ਦੀ ਕਾਰਵਾਈ ਸੰਗਤ ਨੂੰ ਗੁਰਮਤਿ ਤੋਂ ਦੂਰ ਕਰ ਕੇ ਮਾਇਆ-ਕੇਂਦਰਿਤ ਸੋਚ ਵੱਲ ਧੱਕਣ ਦੀ ਕੋਸ਼ਿਸ਼ ਹੈ, ਜੋ ਸਿੱਖੀ ਦੀ ਰੂਹ ਅਤੇ ਅਸੂਲਾਂ ਨਾਲ ਸਿੱਧਾ ਧੋਖਾ ਹੈ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਗੰਭੀਰ ਗੱਲ ਹੈ ਕਿ ਇਹ ਸਭ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰਦੁਆਰਾ ਸਾਹਿਬ ਵਿਚ ਹੋ ਰਿਹਾ ਹੈ ਅਤੇ ਇਹ ਮਾਮਲਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪੁੱਜਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕੋਈ ਸਪੱਸ਼ਟ ਅਤੇ ਸਖ਼ਤ ਲਿਆ। ਪ੍ਰੋ. ਖਿਆਲਾ ਨੇ ਸ਼੍ਰੋਮਣੀ ਕਮੇਟੀ ਕੋਲ ਸਵਾਲ ਉਠਾਇਆ ਕਿ ਗੁਰਮਤਿ ਵਿਰੋਧੀ ਇਸ ਵਰਤਾਰੇ ਲਈ ਕੌਣ ਜ਼ਿੰਮੇਵਾਰ ਹੈ, ਇਹ ਸਭ ਕੁਝ ਕਿਸ ਦੀ ਸਹਿਮਤੀ ਜਾਂ ਅਣਗਹਿਲੀ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਇਸ ਮਨਮਤੀ ਸਿਲਸਿਲੇ ਨੂੰ ਪੂਰੀ ਤਰ੍ਹਾਂ ਰੋਕਣ ਲਈ ਕੋਈ ਠੋਸ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਇਹ ਵੀ ਚਿੰਤਾ ਪ੍ਰਗਟਾਈ ਕਿ ਸੰਭਵ ਹੈ ਕੁਝ ਸੰਗਤ ਅਣਜਾਣਪੁਣੇ ਜਾਂ ਸ਼ਰਧਾ ਦੇ ਵੇਗ ਵਿਚ ਇਹ ਸਭ ਕੁਝ “ਖ਼ਜ਼ਾਨਾ” ਸਮਝ ਕੇ ਕਰ ਰਹੀਆਂ ਹੋਣ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਤੇ ਇਹ ਗੁਰੂ ਘਰਾਂ ਦੀ ਮਰਿਆਦਾ ਨੂੰ ਖੰਡਿਤ ਕਰਨ ਅਤੇ ਸਿੱਖੀ ਦੇ ਨਾਮ ਸੰਕਲਪ ਨੂੰ ਮਾਇਆਵਾਦੀ ਦਿਸ਼ਾ ਵੱਲ ਮੋੜਨ ਲਈ ਕੋਈ ਗਹਿਰੀ ਸਾਜ਼ਿਸ਼ ਤਾਂ ਨਹੀਂ। ਪ੍ਰੋ. ਖਿਆਲਾ ਨੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਤੁਰੰਤ, ਸਪੱਸ਼ਟ ਅਤੇ ਸਖਤ ਕਾਰਵਾਈ ਕੀਤੀ ਜਾਵੇ, ਜ਼ਿੰਮੇਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਮਿਸਾਲੀ ਕਦਮ ਚੁੱਕੇ ਜਾਣ ਅਤੇ ਸੰਗਤ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਜਾਵੇ ਕਿ ਸਿੱਖੀ ਵਿਚ ਮਰਿਆਦਾ ਤੋਂ ਉਪਰ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਗੁਰਮਤਿ ਦੀ ਅਟੱਲਤਾ, ਤਿਆਗ ਅਤੇ ਸੱਚਾਈ ਦਾ ਪ੍ਰਤੀਕ ਹੈ, ਨਾ ਕਿ ਮੋਹਰ ਲੱਗੀ ਮਾਇਆ ਦਾ। ਸ਼ਹੀਦਾਂ ਦੇ ਨਾਮ ’ਤੇ ਮਨਮਤੀ ਕਰਤੂਤਾਂ ਸਹਿਣਯੋਗ ਨਹੀਂ ਅਤੇ ਪੰਥ ਇਸ ਬਾਰੇ ਚੁੱਪ ਨਹੀਂ ਰਹੇਗਾ।