ਐੱਸਆਈਟੀ ਨੂੰ ਦੇਣ ਵਾਲੇ ਦਸਤਾਵੇਜ਼ ਦੀ ਐਡਵੋਕੇਟ ਧਾਮੀ ਨੇ ਕੀਤੀ ਤਿਆਰੀ
ਸਿਟ ਨੂੰ ਦੇਣ ਵਾਲੇ ਦਸਤਵੇਜ਼ ਦੀ ਐਡਵੋਕੇਟ ਧਾਮੀ ਨੇ ਕੀਤੀ ਤਿਆਰੀ
Publish Date: Fri, 16 Jan 2026 08:13 PM (IST)
Updated Date: Sat, 17 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਬਾਰੇ ਚੱਲ ਰਹੀ ਸਰਕਾਰੀ ਪੜਤਾਲ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐੱਸਆਈਟੀ ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦਾ ਆਪ ਨਿਰੀਖਣ ਕਰ ਕੇ ਤਿਆਰੀ ਕੀਤੀ ਹੈ, ਜੋ ਆਉਣ ਵਾਲੇ ਸਮੇਂ ’ਚ ਐੱਸਆਈਟੀ ਨੂੰ ਦਿੱਤੇ ਜਾਣਗੇ। ਐਡਵੋਕੇਟ ਧਾਮੀ ਬਾਅਦ ਦੁਪਹਿਰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਪਹੁੰਚੇ। ਉਨ੍ਹਾਂ ਪੜਤਾਲੀਆ ਟੀਮ ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦਾ ਆਪ ਨਿਰੀਖਣ ਕਰ ਕੇ ਫਾਈਲ ਤਿਆਰ ਕੀਤੀ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਨਾਂ ਰਿਕਾਰਡ ਦਸੇ ਜਾਂਦੇ 328 ਸਰੂਪਾਂ ਬਾਰੇ ਜਾਣਕਾਰੀ ਲੈਣ ਲਈ ਬਣਾਈ ਐੱਸਆਈਟੀ ਦੇ ਮੈਂਬਰ ਜਗਤਪ੍ਰੀਤ ਸਿੰਘ ਏਆਈਜੀ ਤੇ ਏਡੀਸੀਪੀ ਹਰਪਾਲ ਸਿੰਘ ਨੇ 13 ਜਨਵਰੀ ਨੂੰ ਸ਼ੋ੍ਰਮਣੀ ਕਮੇਟੀ ਦੇ ਦਫ਼ਤਰ ਆ ਕੇ ਕੁਝ ਦਸਤਾਵੇਜ਼ ਲੈਣ ਲਈ ਸਕੱਤਰ ਪ੍ਰਤਾਪ ਸਿੰਘ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਇਲਾਵਾ ਚੰਡੀਗੜ੍ਹ ਸਬ ਆਫਿਸ ਵਿਖੇ ਵੀ ਐੱਸਆਈਟੀ ਦੇ ਮੈਂਬਰਾਂ ਨੇ ਲਿਖਤੀ ਪੱਤਰ ਦੇ ਕੇ ਕੁਝ ਦਸਤਾਵੇਜ਼ ਦੀ ਮੰਗ ਕੀਤੀ ਸੀ। ਦਸਤਾਵੇਜ਼ ਦੇਣ ਤੋਂ ਪਹਿਲਾਂ ਐਡਵੋਕੇਟ ਧਾਮੀ ਨੇ ਖੁਦ ਇਨਾਂ ਦਸਤਾਵੇਜ਼ਾਂ ਦੀ ਪੜਤਾਲ ਕਰ ਕੇ ਯਕੀਨੀ ਬਣਾਇਆ ਕਿ ਮੰਗ ਅਨੁਸਾਰ ਦਸਤਾਵੇਜ਼ ਦਿੱਤੇ ਜਾ ਸਕਣ। ਸ਼ੁੱਕਰਵਾਰ ਨੂੰ ਸ਼ੋ੍ਰਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਤੋਂ ਬਾਅਦ ਐਡਵੋਕੇਟ ਧਾਮੀ ਸਿੱਧੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਪਹੁੰਚੇ ਤੇ ਐੱਸਆਈਟੀ ਨੂੰ ਦਿੱਤੇ ਜਾਣ ਵਾਲਾ ਰਿਕਾਰਡ ਚੈੱਕ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਤੇ ਅਧਿਕਾਰੀ ਵੀ ਮੌਜੂਦ ਸਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਜਾਰੀ ਨਿਰਦੇਸ਼ ’ਚ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਕਮੇਟੀ ਨੂੰ ਰਿਕਾਰਡ ਦੇਣ ਲਈ ਸ਼ੋ੍ਰਮਣੀ ਕਮੇਟੀ ਨੂੰ ਕਿਹਾ ਸੀ।