ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ’ਚ ਨੌਜਵਾਨ ਨੇ ਕੀਤੀ ਕੁਰਲੀ, ਵੀਡੀਓ ਵਾਈਰਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਵਿਚ ਨੌਜੁਆਨ ਨੇ ਕੀਤੀ ਕੁਰਲੀ, ਵੀਡੀਓ ਵਾਈਰਲ
Publish Date: Fri, 16 Jan 2026 07:09 PM (IST)
Updated Date: Sat, 17 Jan 2026 04:13 AM (IST)

ਫੋਟੋ:27 ਕੈਪਸ਼ਨ : ਸਰੋਵਰ ਦੇ ਕਿਨਾਰੇ ਬੈਠ ਕੇ ਕੁਰਲੀ ਕਰਦਾ ਨੋਜੁਆਨ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਕਿਨਾਰੇ ਬੈਠ ਕੇ ਇਕ ਨੌਜਵਾਨ ਨੇ ਕੁਰਲੀ ਕੀਤੀ, ਹੱਥ-ਪੈਰ ਵੀ ਸਾਫ ਕੀਤੇ ਅਤੇ ਇਸ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ। ਉਪਰੋਕਤ ਵਿਅਕਤੀ ਵੱਲੋਂ ਆਪਣੇ ਸ਼ੋਸ਼ਲ ਅਕਾਊਂਟ ’ਚ ਵੱਖ-ਵੱਖ ਥਾਵਾਂ ਤੇ ਜਾ ਕੇ ਵੀਡੀਓ ਬਣਾ ਕੇ ਸਾਂਝੀਆਂ ਕੀਤੀਆਂ ਹਨ। ਸ਼੍ਰੋਮਣੀ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਇਕ ਸ਼ਰਾਰਤ ਹੈ ਜਾਂ ਫਿਰ ਮਰਿਆਦਾ ਤੋਂ ਅਣਜਾਨ ਇਸ ਨੌਜਵਾਨ ਵੱਲੋਂ ਇਸ ਤਰ੍ਹਾਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਪਰਿਕਰਮਾ ’ਚ ਤਾਈਨਾਤ ਮੈਨੇਜਰ, ਸੁਪਰਵਾਈਜ਼ਰ, ਇੰਚਾਰਜ ਤੇ ਸੇਵਾਦਾਰਾਂ ਨੂੰ ਇਸ ਤਰ੍ਹਾਂ ਦੀਆ ਹਰਕਤਾਂ ਕਰਨ ਵਾਲਿਆਂ ’ਤੇ ਵਿਸ਼ੇਸ਼ ਧਿਆਨ ਦੇਣ ਲਈ ਕਹਿ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ’ਚ ਇਕ ਨੌਜਵਾਨ ਵੱਲੋਂ ਮਰਿਆਦਾ ਦੇ ਉਲਟ ਜਾ ਕੇ ਕੀਤੀ ਹਰਕਤ ਦੀ ਵੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਹਰ ਧਰਮ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਸਮੇਂ ਇਥੋਂ ਦੀ ਪਾਵਨ ਮਰਿਆਦਾ ਦਾ ਧਿਆਨ ਰੱਖਿਆ ਜਾਵੇ।