ਪੁਲਿਸ ਮੁਕਾਬਲੇ ’ਚ ਦੋ ਗੈਂਗਸਟਰ ਜ਼ਖ਼ਮੀ
ਪੁਲਿਸ ਮੁਕਾਬਲੇ ‘ਚ ਗੈਂਗਸਟਰ ਜ਼ਖਮੀ
Publish Date: Fri, 09 Jan 2026 07:18 PM (IST)
Updated Date: Sat, 10 Jan 2026 04:06 AM (IST)
* ਜ਼ਖ਼ਮੀਆਂ ਨੂੰ ਪੁਲਿਸ ਨੇ ਹਸਪਤਾਲ ਕਰਵਾਇਆ ਦਾਖ਼ਲ
* ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਬਰਾਮਦ ਕੀਤੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼ੁੱਕਰਵਾਰ ਦੁਪਹਿਰ ਨੂੰ ਜੰਡਿਆਲਾ ਗੁਰੂ ਦੇ ਇਕ ਸੁੰਨਸਾਨ ਇਲਾਕੇ ’ਚ ਇਕ ਗਹਿਣਿਆਂ ਦੇ ਡੀਲਰ ਦੇ ਸ਼ੋਅਰੂਮ ਦੇ ਬਾਹਰ ਗੋਲ਼ੀਬਾਰੀ ਕਰਨ ਵਾਲੇ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਮੁਕਾਬਲਾ ਹੋਇਆ। ਗੈਂਗਸਟਰਾਂ ਵੱਲੋਂ ਤਿੰਨ ਗੋਲ਼ੀਆਂ ਚਲਾਉਂਣ ਤੋਂ ਬਾਅਦ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਆਕਾਸ਼ ਤੇਜਪਾਲ ਸਿੰਘ ਦੀ ਲੱਤ ’ਚ ਗੋਲ਼ੀ ਲੱਗ ਗਈ। ਪੁਲਿਸ ਨੇ ਬਾਈਕ ਸਵਾਰ ਦੋਵਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਕੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਅਪਰਾਧ ਵਾਲੀ ਥਾਂ ਤੋਂ ਦੋ ਪਿਸਤੌਲ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ 5 ਦਸੰਬਰ ਨੂੰ ਗਹਿਣਿਆਂ ਦੇ ਸ਼ੋਅਰੂਮ ਦੇ ਬਾਹਰ ਗੋਲ਼ੀਬਾਰੀ ਕੀਤੀ ਅਤੇ ਭੱਜ ਗਏ। ਪੁਲਿਸ ਨੇ ਘਟਨਾ ਤੋਂ ਤੁਰੰਤ ਬਾਅਦ ਤਰਨਤਾਰਨ ਵਾਸੀ ਕਵੀਸ਼ ਤੇ ਮੇਹਰਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਨੇ ਮੰਨਿਆ ਕਿ ਤਰਨਤਾਰਨ ਦੇ ਆਕਾਸ਼ ਤੇਜਪਾਲ ਸਿੰਘ ਤੇ ਵਿਸ਼ਾਲਦੀਪ ਸਿੰਘ ਨੇ ਸ਼ੋਅਰੂਮ ਦੇ ਬਾਹਰ ਗੋਲ਼ੀਆਂ ਚਲਾਈਆਂ ਸਨ। ਇਸ ਤੋਂ ਬਾਅਦ ਡੀਐੱਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਤੇ ਸੀਆਈਏ ਇੰਚਾਰਜ ਮਨਮੀਤ ਪਾਲ ਸਿੰਘ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਸ਼ੁੱਕਰਵਾਰ ਦੁਪਹਿਰ ਨੂੰ ਜੰਡਿਆਲਾ ਗੁਰੂ ’ਚ ਦੋਵਾਂ ਦੀਆਂ ਹਰਕਤਾਂ ਦੁਬਾਰਾ ਵੇਖੀਆਂ ਗਈਆਂ। ਡੀਐੱਸਪੀ ਗੁਰਿੰਦਰ ਪਾਲ ਸਿੰਘ ਨਾਗਰਾ ਦੀ ਅਗਵਾਈ ਵਾਲੀ ਇਕ ਪੁਲਿਸ ਟੀਮ ਨੇ ਸੜਕ 'ਤੇ ਨਾਕਾਬੰਦੀ ਕੀਤੀ। ਦੋ ਵਿਅਕਤੀਆਂ ਨੂੰ ਮੋਟਰਸਾਈਕਲ 'ਤੇ ਆਉਂਦੇ ਦੇਖ ਕੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਹਾਲਾਂਕਿ, ਮੁਲਜ਼ਮਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਗੋਲ਼ੀਬਾਰੀ ਕਰ ਦਿੱਤੀ। ਮੁਲਜ਼ਮਾਂ ਨੇ ਪੁਲਿਸ 'ਤੇ ਕੁੱਲ ਤਿੰਨ ਗੋਲ਼ੀਆਂ ਚਲਾਈਆਂ। ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਕ ਗੋਲ਼ੀ ਆਕਾਸ਼ ਤੇਜਪਾਲ ਸਿੰਘ ਦੀ ਲੱਤ ’ਚ ਲੱਗੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਤੁਰੰਤ ਉਨ੍ਹਾਂ ਨੂੰ ਫੜ ਲਿਆ ਤੇ ਉਨ੍ਹਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਬਰਾਮਦ ਕੀਤੇ। ਐੱਸਐੱਸਪੀ ਨੇ ਦੱਸਿਆ ਕਿ ਆਕਾਸ਼ ਤੇਜਪਾਲ ਸਿੰਘ ਵਿਰੁੱਧ ਡਕੈਤੀ, ਖੋਹ ਤੇ ਬੰਦੂਕ ਦੇ ਜ਼ੋਰ 'ਤੇ ਡਰਾਉਣ ਦੇ ਚਾਰ ਮਾਮਲੇ ਦਰਜ ਹਨ।