Amritsar News : ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੂਫੀ ਗਾਇਕ ਹੰਸ ਰਾਜ ਹੰਸ, ਰਾਜਨੀਤੀ ਤੋਂ ਦੂਰੀ ਤੇ ਸੰਗੀਤਕ ਸਫ਼ਰ ਬਾਰੇ ਖੁੱਲ੍ਹ ਕੇ ਕੀਤੀਆਂ ਗੱਲਾਂ
ਆਪਣੇ ਸੰਗੀਤਕ ਸਫ਼ਰ ਬਾਰੇ ਚਰਚਾ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਸੰਗੀਤ ਹੀ ਉਨ੍ਹਾਂ ਦੀ ਜ਼ਿੰਦਗੀ ਹੈ। ਉਨ੍ਹਾਂ ਸਰੋਤਿਆਂ ਨੂੰ ਪੁਰਾਤਨ ਕੀਰਤਨ ਅਤੇ ਸੁਰ ਵਾਲਾ ਸੰਗੀਤ ਸੁਣਨ ਦੀ ਸਲਾਹ ਦਿੱਤੀ, ਜੋ ਮਨ ਨੂੰ ਸ਼ਾਂਤੀ ਦਿੰਦਾ ਹੈ। ਫ਼ਿਲਮਾਂ ਵਿਚ ਵਾਪਸੀ ਬਾਰੇ ਉਨ੍ਹਾਂ ਮੁਸਕੁਰਾਉਂਦੇ ਹੋਏ ਕਿਹਾ ਕਿ ਜੇਕਰ ਉਮਰ ਦੇ ਹਿਸਾਬ ਨਾਲ ਕੋਈ ਚੰਗੀ ਪੇਸ਼ਕਸ਼ ਆਈ ਤਾਂ ਉਹ ਜ਼ਰੂਰ ਪਰਦੇ 'ਤੇ ਦਿਖਾਈ ਦੇਣਗੇ।
Publish Date: Sat, 28 Feb 2026 07:01 PM (IST)
Updated Date: Sat, 28 Feb 2026 07:03 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪ੍ਰਸਿੱਧ ਪੰਜਾਬੀ ਸੂਫੀ ਗਾਇਕ ਹੰਸ ਰਾਜ ਹੰਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੀ ਰੂਹਾਨੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਜੋ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਅਸੰਭਵ ਹੈ।
ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਗੂੰਗਾ ਗੁੜ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ, ਉਸੇ ਤਰ੍ਹਾਂ ਇੱਥੋਂ ਮਿਲਣ ਵਾਲੀ ਇਲਾਹੀ ਬਖਸ਼ਿਸ਼ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਰਾਜਨੀਤੀ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਬੜੀ ਨਿਮਰਤਾ ਨਾਲ ਕਿਹਾ ਕਿ ਉਹ ਕਦੇ ਸਿਆਸਤਦਾਨ ਰਹੇ ਹੀ ਨਹੀਂ, ਇਹ ਤਾਂ ਮਹਿਜ਼ ਇੱਕ 'ਕਰਮ ਚੱਕਰ' ਸੀ ਜੋ ਹੁਣ ਪਿੱਛੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਸਭ ਕੁਝ ਪ੍ਰਮਾਤਮਾ ਅਤੇ ਸੰਗਤ ਅੱਗੇ ਸਰੈਂਡਰ (ਆਤਮ-ਸਮਰਪਣ) ਕਰ ਦਿੱਤਾ ਹੈ। ਹੁਣ ਮਾਲਕ ਦੀ ਰਜ਼ਾ ਹੀ ਸਭ ਕੁਝ ਹੈ।
ਆਪਣੇ ਸੰਗੀਤਕ ਸਫ਼ਰ ਬਾਰੇ ਚਰਚਾ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਸੰਗੀਤ ਹੀ ਉਨ੍ਹਾਂ ਦੀ ਜ਼ਿੰਦਗੀ ਹੈ। ਉਨ੍ਹਾਂ ਸਰੋਤਿਆਂ ਨੂੰ ਪੁਰਾਤਨ ਕੀਰਤਨ ਅਤੇ ਸੁਰ ਵਾਲਾ ਸੰਗੀਤ ਸੁਣਨ ਦੀ ਸਲਾਹ ਦਿੱਤੀ, ਜੋ ਮਨ ਨੂੰ ਸ਼ਾਂਤੀ ਦਿੰਦਾ ਹੈ। ਫ਼ਿਲਮਾਂ ਵਿਚ ਵਾਪਸੀ ਬਾਰੇ ਉਨ੍ਹਾਂ ਮੁਸਕੁਰਾਉਂਦੇ ਹੋਏ ਕਿਹਾ ਕਿ ਜੇਕਰ ਉਮਰ ਦੇ ਹਿਸਾਬ ਨਾਲ ਕੋਈ ਚੰਗੀ ਪੇਸ਼ਕਸ਼ ਆਈ ਤਾਂ ਉਹ ਜ਼ਰੂਰ ਪਰਦੇ 'ਤੇ ਦਿਖਾਈ ਦੇਣਗੇ।
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬਾਲੀਵੁੱਡ ਤੋਂ ਉਹ ਕਦੇ ਦੂਰ ਨਹੀਂ ਹੋਏ ਸਨ, ਬੱਸ ਕੁਝ ਹੋਰ ਰੁਝੇਵਿਆਂ ਕਾਰਨ ਗੈਪ ਪੈ ਗਿਆ ਸੀ। ਉਨ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਅਤੇ ਉੱਭਰ ਰਹੇ ਗਾਇਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਵਰਜ਼ਿਸ਼ (ਕਸਰਤ) ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਅੰਮ੍ਰਿਤਸਰ ਦੀ ਧਰਤੀ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਦਾਰਾ ਸਿੰਘ ਵਰਗੇ ਪਹਿਲਵਾਨ ਪੈਦਾ ਹੋਏ ਹਨ, ਇਸ ਲਈ ਨੌਜਵਾਨਾਂ ਨੂੰ ਆਪਣੀ ਸਿਹਤ ਅਤੇ ਵਿਰਸੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।