ਪੰਜਾਬ ਪੁਲਿਸ ਦੀ ਖੂਫੀਆ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਮਜੀਠਾ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿਚ ਆਉਂਦੇ ਪਿੰਡ ਨੰਗਲ ਪੰਨੂਆਂ ਦਾ ਰਹਿਣ ਵਾਲਾ ਬਿਕਰਮਜੀਤ ਸਿੰਘ ਗੁਜਰਾਤ ਵਿਚ ਰਹਿੰਦਿਆਂ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਪ੍ਰਾਪਤ ਕਰ ਰਿਹਾ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦੋ ਹੈਂਡ ਗ੍ਰਨੇਡਾਂ ਅਤੇ ਦੋ ਪਿਸਤੌਲਾਂ ਨਾਲ ਗ੍ਰਿਫ਼ਤਾਰ ਕੀਤੇ ਗਏ ਸਰਬਜੀਤ ਸਿੰਘ ਦੇ ਇਕ ਹੋਰ ਸਾਥੀ ਬਿਕਰਮ ਸਿੰਘ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਬਿਕਰਮਜੀਤ ਸਿੰਘ ਅਤੇ ਸਰਬਜੀਤ ਸਿੰਘ ਖਤਰਨਾਕ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿਚ ਹਨ। ਇਸ ਤੋਂ ਇਲਾਵਾ ਸ਼ਹਿਜ਼ਾਦ ਆਪਣੇ ਸਾਥੀਆਂ ਰਾਹੀਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਕਈ ਮੁੱਖ ਥਾਵਾਂ 'ਤੇ ਅੱਤਵਾਦੀ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਡੌਨ ਆਈਐਸਆਈ ਰਾਹੀਂ ਹੈਂਡ ਗ੍ਰਨੇਡ, ਆਈਈਡੀ (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਅਤੇ ਆਰਪੀਜੀ (ਰਾਕੇਟ ਪ੍ਰੋਪੈਲੈਂਟ ਗ੍ਰਨੇਡ) ਵਰਗੇ ਖਤਰਨਾਕ ਹਥਿਆਰ ਭਾਰਤ ਭੇਜ ਰਿਹਾ ਹੈ।
ਪੰਜਾਬ ਪੁਲਿਸ ਦੀ ਖੂਫੀਆ ਸ਼ਾਖਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਮਜੀਠਾ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿਚ ਆਉਂਦੇ ਪਿੰਡ ਨੰਗਲ ਪੰਨੂਆਂ ਦਾ ਰਹਿਣ ਵਾਲਾ ਬਿਕਰਮਜੀਤ ਸਿੰਘ ਗੁਜਰਾਤ ਵਿਚ ਰਹਿੰਦਿਆਂ ਪਾਕਿਸਤਾਨ ਤੋਂ ਹਥਿਆਰਾਂ ਦੀ ਸਪਲਾਈ ਪ੍ਰਾਪਤ ਕਰ ਰਿਹਾ ਸੀ। ਇਹ ਵੀ ਪਤਾ ਲੱਗਾ ਕਿ ਬਿਕਰਮਜੀਤ ਸਿੰਘ ਦਾ ਸਾਥੀ ਤਰਨਤਾਰਨ ਦਾ ਰਹਿਣ ਵਾਲਾ ਸਰਬਜੀਤ ਸਿੰਘ ਹਥਿਆਰਾਂ ਨੂੰ ਟਿਕਾਣੇ ਲਗਾ ਰਿਹਾ ਹੈ। ਇਸ ਤੋਂ ਬਾਅਦ ਤੁਰੰਤ ਐਸਐਸਓਸੀ ਦੀ ਇਕ ਟੀਮ ਨੇ ਇਲਾਕੇ ਵਿਚ ਛਾਪਾ ਮਾਰਿਆ ਅਤੇ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਵਿੱਚੋਂ ਦੋ ਹੱਥਗੋਲੇ ਅਤੇ ਦੋ ਪਿਸਤੌਲ ਬਰਾਮਦ ਹੋਏ। ਇਸ ਦੇ ਨਾਲ ਹੀ ਇਕ ਟੀਮ ਬਿਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਗੁਜਰਾਤ ਲਈ ਰਵਾਨਾ ਹੋ ਗਈ। ਹਾਲਾਕਿ ਮੁਲਜਮ ਨੂੰ ਇਹ ਪਤਾ ਨਹੀਂ ਲੱਗਣ ਦਿੱਤਾ ਗਿਆ ਕਿ ਉਸ ਦੇ ਸਾਥੀ ਸਰਬਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਤ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਹਾਲਾਕਿ ਇਸ ਸਬੰਧ ਵਿਚ ਮਜੀਠਾ ਪੁਲਿਸ ਥਾਣੇ ਤੋਂ ਇਨਪੁਟ ਮੰਗਿਆ ਗਿਆ ਹੈ। ਬਿਕਰਮਜੀਤ ਤੋਂ ਬਰਾਮਦ ਕੀਤੇ ਗਏ ਮੋਬਾਈਲ ਫੋਨ 'ਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨਾਲ ਗੱਲਬਾਤ ਦੇ ਸਬੂਤ ਵੀ ਮਿਲੇ ਹਨ। ਗੁਜਰਾਤ ਵਿਚ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੇਂਦਰੀ ਏਜੰਸੀਆਂ ਵੀ ਬਿਕਰਮਜੀਤ ਸਿੰਘ ਤੋਂ ਪੁੱਛਗਿੱਛ ਕਰਨ ਲਈ ਸੰਯੁਕਤ ਪੁੱਛਗਿੱਛ ਕੇਂਦਰ ਪਹੁੰਚ ਰਹੀਆਂ ਹਨ। ਇਸ ਦੌਰਾਨ ਪੁਲਿਸ ਨੇ ਸਰਬਜੀਤ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਹੈ, ਉਸ ਨੂੰ ਦੋ ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਿਸ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਸਰਬਜੀਤ ਸਿੰਘ ਤੋਂ ਬਾਅਦ ਪੁਲਿਸ ਨੇ ਹੁਣ ਇਸ ਮਾਮਲੇ ਵਿਚ ਬਿਕਰਮਜੀਤ ਸਿੰਘ ਅਤੇ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੂੰ ਨਾਮਜ਼ਦ ਕੀਤਾ ਹੈ।
ਬਾਕਸ
ਹਥਿਆਰਾਂ ਦੀ ਭਾਲ ਜਾਰੀ
ਮੁਲਜ਼ਮਾਂ ਤੋਂ ਪੁੱਛਗਿੱਛ ਨੇ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਬਿਕਰਮਜੀਤ ਦੇ ਗਿਰੋਹ ਦੇ ਇਕ ਦਰਜਨ ਮੈਂਬਰ ਗੁਰਦਾਸਪੁਰ ਤੋਂ ਫਿਰੋਜ਼ਪੁਰ ਖੇਤਰ ਵਿਚ ਫੈਲੇ ਹੋਏ ਹਨ। ਉਨ੍ਹਾਂ ਕੋਲ ਹਥਿਆਰਾਂ ਦਾ ਵੱਡਾ ਜ਼ਖੀਰਾ ਹੋ ਸਕਦਾ ਹੈ। ਪੁਲਿਸ ਹੁਣ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਹਥਿਆਰਾਂ ਨੂੰ ਬਰਾਮਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।