Amritsar News : ਮਾਨਸਿਕ ਪਰੇਸ਼ਾਨੀ ਕਾਰਨ ਔਰਤ ਨੇ ਚੁੱਕਿਆ ਖ਼ੌਫ਼ਨਾਕ ਕਦਮ, ਖੁਦ ਨੂੰ ਕੀਤਾ ਅੱਗ ਹਵਾਲੇ
ਦੋਵੇਂ ਬੱਚੇ ਮਾਨਸਿਕ ਤੌਰ 'ਤੇ ਸਧਾਰਨ ਸਨ, ਜਿਸ ਕਾਰਨ ਉਹ ਚਿੰਤਤ ਸੀ। ਵੀਰਵਾਰ ਸਵੇਰੇ ਵੰਦਨਾ ਆਮ ਵਾਂਗ ਆਂਗਣਵਾੜੀ ਗਈ ਅਤੇ ਦੁਪਹਿਰ 12.30 ਵਜੇ ਦੇ ਕਰੀਬ ਵਾਪਸ ਆਈ ਅਤੇ ਗੁਆਂਢੀ ਦੇ ਘਰ ਵਿਆਹ ਵਿਚ ਜਾਣ ਲਈ ਤਿਆਰ ਹੋਈ ਸੀ। ਵੱਡਾ ਪੁੱਤਰ ਅਨਮੋਲ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ।
Publish Date: Thu, 05 Feb 2026 07:06 PM (IST)
Updated Date: Thu, 05 Feb 2026 07:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੋਹਕਮਪੁਰਾ ਥਾਣੇ ਦੇ ਸੰਧੂ ਕਲੋਨੀ ਇਲਾਕੇ ਵਿਚ ਇਕ ਔਰਤ ਵਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਥਾਣਾ ਇੰਚਾਰਜ ਇੰਸਪੈਕਟਰ ਹਰਪ੍ਰਕਾਸ਼ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਣਕਾਰੀ ਹਾਸਲ ਕੀਤੀ। ਮ੍ਰਿਤਕਾ ਦੀ ਪਛਾਣ 49 ਸਾਲਾ ਵੰਦਨਾ ਵਜੋਂ ਹੋਈ ਹੈ, ਜੋ ਕਿ ਮੋਹਕਮਪੁਰਾ ਦੀ ਸੰਧੂ ਕਲੋਨੀ ਗਲੀ ਨੰਬਰ 2 ਦੀ ਰਹਿਣ ਵਾਲੀ ਸਵਰਗੀ ਸ਼ਤੀਸ਼ ਮਹਾਜਨ ਦੀ ਪਤਨੀ ਹੈ।
ਜਾਂਚ ਅਧਿਕਾਰੀ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਇਲਾਕਾ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਵੰਦਨਾ ਦੇ ਪਤੀ ਦੀ ਮੌਤ ਹੋ ਗਈ ਸੀ। ਉਹ ਆਪਣੇ ਦੋ ਬੱਚਿਆਂ ਅਨਮੋਲ ਅਤੇ ਧਰੁਵ ਨਾਲ ਰਹਿੰਦੀ ਸੀ ਅਤੇ ਇਲਾਕੇ ਦੇ ਇਕ ਆਂਗਣਵਾੜੀ ਸਕੂਲ ਵਿਚ ਸਹਾਇਕ ਵਜੋਂ ਕੰਮ ਕਰਦੀ ਸੀ।
ਦੋਵੇਂ ਬੱਚੇ ਮਾਨਸਿਕ ਤੌਰ 'ਤੇ ਸਧਾਰਨ ਸਨ, ਜਿਸ ਕਾਰਨ ਉਹ ਚਿੰਤਤ ਸੀ। ਵੀਰਵਾਰ ਸਵੇਰੇ ਵੰਦਨਾ ਆਮ ਵਾਂਗ ਆਂਗਣਵਾੜੀ ਗਈ ਅਤੇ ਦੁਪਹਿਰ 12.30 ਵਜੇ ਦੇ ਕਰੀਬ ਵਾਪਸ ਆਈ ਅਤੇ ਗੁਆਂਢੀ ਦੇ ਘਰ ਵਿਆਹ ਵਿਚ ਜਾਣ ਲਈ ਤਿਆਰ ਹੋਈ ਸੀ। ਵੱਡਾ ਪੁੱਤਰ ਅਨਮੋਲ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। ਵੰਦਨਾ ਨੇ ਆਪਣੇ ਛੋਟੇ ਪੁੱਤਰ ਧਰੁਵ ਨੂੰ ਏਟੀਐਮ ਵਿੱਚੋਂ ਪੈਸੇ ਕਢਵਾਉਣ ਲਈ ਭੇਜਿਆ।
ਜਦੋਂ ਵੱਡਾ ਪੁੱਤਰ ਅਨਮੋਲ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਵਿਚੋਂ ਧੂੰਆਂ ਨਿਕਲ ਰਿਹਾ ਸੀ। ਅਨਮੋਲ ਗੁਆਂਢੀਆਂ ਦੇ ਘਰ ਦੀ ਛੱਤ 'ਤੇ ਪੌੜੀ ਲਗਾ ਕੇ ਆਪਣੇ ਘਰ ਗਿਆ ਅਤੇ ਦੇਖਿਆ ਕਿ ਬੰਦ ਕਮਰੇ ਵਿਚੋਂ ਧੂੰਆਂ ਨਿਕਲ ਰਿਹਾ ਸੀ। ਦਰਵਾਜਾ ਤੋੜ ਕੇ ਦੇਖਿਆ ਤਾਂ ਉਸ ਦੀ ਮਾਂ ਵੰਦਨਾ ਥੱਲੇ ਡਿੱਗੀ ਹੋਈ ਸੀ ਅਤੇ ਅੱਗ ਵਿਚ ਸੜ ਰਹੀ ਸੀ। ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਅਨਮੋਲ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।