ਮਨਰੇਗਾ ’ਚ ਲੋਕ-ਮਾਰੂ ਬਦਲਾਅ ਕਰਨ ਦੇ ਵਿਰੋਧ ’ਚ ‘ਆਪ’ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਮਾਝਾ ਜ਼ੋਨ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਵਿਖੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਵਿਚ ਕੀਤੇ ਗਏ ਲੋਕ-ਮਾਰੂ ਬਦਲਾਵਾਂ ਦੇ ਵਿਰੋਧ ਵਿਚ ਜ਼ੋਰਦਾਰ
Publish Date: Thu, 08 Jan 2026 04:21 PM (IST)
Updated Date: Thu, 08 Jan 2026 04:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਮਾਝਾ ਜ਼ੋਨ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਵਿਖੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਕਾਨੂੰਨ ਵਿਚ ਕੀਤੇ ਗਏ ਲੋਕ-ਮਾਰੂ ਬਦਲਾਵਾਂ ਦੇ ਵਿਰੋਧ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਐੱਸਸੀ ਵਿੰਗ ਮਾਝਾ ਜ਼ੋਨ ਇੰਚਾਰਜ ਰਵਿੰਦਰ ਹੰਸ ਅਤੇ ਠੇਕੇਦਾਰ ਅਮਰਜੀਤ ਸਿੰਘ, ਅੰਮ੍ਰਿਤਸਰ ਸ਼ਹਿਰੀ ਜ਼ਿਲ੍ਹਾ ਐੱਸਸੀ ਵਿੰਗ ਪ੍ਰਧਾਨ ਇੰਦਰ ਪਾਲ, ਅੰਮ੍ਰਿਤਸਰ ਦਿਹਾਤੀ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਤਲਵੰਡੀ, ਗੁਰਦਾਸਪੁਰ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਅਤੇ ਜਿਲ੍ਹਾ ਵਾਈਸ ਪ੍ਰਧਾਨ ਐੱਸਸੀ ਵਿੰਗ ਭਗਤ ਰਵੀ ਸ਼ੰਕਰ ਅੰਮ੍ਰਿਤਸਰ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਰਵਿੰਦਰ ਹੰਸ ਨੇ ਮਨਰੇਗਾ ਵਿੱਚ ਕੀਤੇ ਜਾ ਰਹੇ ਬਦਲਾਵਾਂ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਗਰੀਬਾਂ ਦੀ ਰੋਜ਼ੀ-ਰੋਟੀ ਖੋਹਣ ਦੀ ਸੁਚਿੰਤਿਤ ਸਾਜ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਲਿਆਂਦਾ ਜਾ ਰਿਹਾ ‘ਵੀਬੀਜੀ-ਰਾਮ-ਜੀ ੈਕਟ’ ਮਨਰੇਗਾ ਨੂੰ ਕਮਜ਼ੋਰ ਕਰਨ ਅਤੇ ਅਖ਼ੀਰਕਾਰ ਖਤਮ ਕਰਨ ਦੇ ਬਰਾਬਰ ਹੈ, ਜਿਸਨੂੰ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ ’ਤੇ ਕਬੂਲ ਨਹੀਂ ਕਰੇਗੀ। ਠੇਕੇਦਾਰ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਵਿਚ 100 ਫ਼ੀਸਦੀ ਫੰਡ ਦੀ ਗਾਰੰਟੀ ਤੋਂ ਪਿੱਛੇ ਹਟ ਕੇ ਸੂਬਾ ਸਰਕਾਰਾਂ ’ਤੇ 40 ਫ਼ੀਸਦੀ ਵਿੱਤੀ ਬੋਝ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮਜ਼ਦੂਰਾਂ ਦੇ ਹੱਕਾਂ ਲਈ ਵੱਡਾ ਸੰਘਰਸ਼ ਕਰੇਗੀ ਅਤੇ ਕਿਸੇ ਵੀ ਹਾਲਤ ਵਿਚ ਗਰੀਬ ਮਜ਼ਦੂਰਾਂ ਦਾ ਰੋਜ਼ਗਾਰ ਖੋਹਣ ਨਹੀਂ ਦੇਵੇਗੀ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਆਪ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਬੁਲਾ ਕੇ ਇਸ ਕਾਲੇ ਕਾਨੂੰਨ ਦੇ ਵਿਰੋਧ ਵਿੱਚ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ। ਅੰਮ੍ਰਿਤਸਰ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਇੰਦਰਪਾਲ ਨੇ ਕਿਹਾ ਕਿ ਭਾਜਪਾ ਦੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਦੇਸ਼ ਦੇ ਗਰੀਬਾਂ ਦੇ ਮੂੰਹੋਂ ਰੋਟੀ ਖੋਹਣ ਦੀ ਖੁੱਲ੍ਹੀ ਸਾਜ਼ਿਸ਼ ਹੈ। ਉਨ੍ਹਾਂ ਦੱਸਿਆ ਕਿ ਮਨਰੇਗਾ ਦਾ ਨਾਮ ਬਦਲ ਕੇ ‘ਵੀ-ਬੀ-ਜੀ ਰਾਮ-ਜੀ ਐਕਟ’ ਰੱਖ ਕੇ ਇਸਦੇ ਅਧੀਨ ਅਜਿਹੇ ਬਦਲਾਅ ਕੀਤੇ ਗਏ ਹਨ, ਜੋ ਗਰੀਬ ਅਤੇ ਦਲਿਤ ਮਜ਼ਦੂਰਾਂ ਲਈ ਬਹੁਤ ਹੀ ਖਤਰਨਾਕ ਹਨ। ਤਲਵੰਡੀ ਨੇ ਕਿਹਾ ਕਿ ਮਨਰੇਗਾ ਹੇਠ ਮਿਲਣ ਵਾਲੇ ਫੰਡ ਨੂੰ ਹੁਣ 60–40 ਦੇ ਅਨੁਪਾਤ ਵਿੱਚ ਵੰਡਿਆ ਜਾ ਰਿਹਾ ਹੈ, ਜਿਸ ਅਨੁਸਾਰ 60 ਫ਼ੀਸਦੀ ਰਕਮ ਕੇਂਦਰ ਅਤੇ 40 ਫ਼ੀਸਦੀ ਰਕਮ ਸੂਬਾ ਸਰਕਾਰਾਂ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਕੇਂਦਰ ਸਰਕਾਰ ਪਹਿਲਾਂ ਹੀ ਜੀਐਸਟੀ ਰਾਹੀਂ ਰਾਜਾਂ ਤੋਂ ਵੱਡਾ ਹਿੱਸਾ ਲੈ ਰਹੀ ਹੈ, ਤਾਂ ਸੂਬੇ ਇਹ 40 ਫ਼ੀਸਦੀ ਰਕਮ ਕਿੱਥੋਂ ਲਿਆਉਣਗੇ? ਅੰਤ ਵਿਚ ਸਾਰਿਆਂ ਇੱਕਸੁਰ ਵਿੱਚ ਕਿਹਾ ਕਿ ਕੇਂਦਰ ਦੇ ਨਵੇਂ ਕਾਨੂੰਨ ਅਨੁਸਾਰ ਵਾਢੀ ਅਤੇ ਬਿਜਾਈ ਦੇ ਖੇਤੀ ਸੀਜ਼ਨ ਦੌਰਾਨ ਮਨਰੇਗਾ ਦਾ ਕੰਮ ਨਹੀਂ ਦਿੱਤਾ ਜਾਵੇਗਾ। ਜਿਲ੍ਹਾ ਵਾਈਸ ਪ੍ਰਧਾਨ ਐੱਸਸੀ ਵਿੰਗ ਭਗਤ ਰਵੀ ਸ਼ੰਕਰ ਅੰਮ੍ਰਿਤਸਰ ਨੇ ਸਵਾਲ ਕਰਦਿਆਂ ਕਿਹਾ ਕਿ ਜਿਨ੍ਹਾਂ ਗਰੀਬ ਮਜ਼ਦੂਰਾਂ ਕੋਲ ਇੱਕ ਕਨਾਲ ਵੀ ਜ਼ਮੀਨ ਨਹੀਂ ਅਤੇ ਜਿਨ੍ਹਾਂ ਨੇ ਦੋ ਮਰਲੇ ਵੀ ਫ਼ਸਲ ਨਹੀਂ ਬੀਜੀ, ਉਹ ਇਨ੍ਹਾਂ ਦੋ ਮਹੀਨਿਆਂ ਦੌਰਾਨ ਆਪਣੇ ਪਰਿਵਾਰਾਂ ਲਈ ਰੋਟੀ ਕਿੱਥੋਂ ਲਿਆਉਣਗੇ? ਇਸ ਮੌਕੇ ਹਲਕਾ ਕੋਆਰਡੀਨੇਟਰ ਨਿਰਮਲ ਸਿੰਘ, ਰਾਜਾ ਅਟੱਲਗੜ, ਰਜੇਸ਼ ਕੁਮਾਰ, ਵਿਜੈ ਖੋਸਲਾ, ਰਾਜ ਕੁਮਾਰ ਲੱਧੜ, ਮਨਜੀਤ ਸਿੰਘ ਮਲਕਨੰਗਲ, ਸੁਲੱਖਣ ਸਿੰਘ, ਮਨਜੀਤ ਸਿੰਘ, ਰਮੇਸ਼ ਕੁਮਾਰ, ਬਲਾਕ ਇੰਚਾਰਜ ਪਰਮਜੀਤ ਕੌਰ, ਜਗੀਰ ਸਿੰਘ, ਬਲਵਿੰਦਰ ਗੋਰਾ, ਜੰਗ ਬਹਾਦਰ, ਸੰਨੀ ਵਡਾਲੀ, ਜੋਗਿੰਦਰ ਪਾਲ, ਧਰਮਿੰਦਰ, ਨਿਰਮਲ, ਦਲਬੀਰ, ਮੁਨੀਸ਼, ਵਿੱਪਨ, ਨਰਿੰਦਰ ਕੌਰ, ਅਜੈ ਕੁਮਾਰ, ਰਘਵਿੰਦਰ ਸਿੰਘ, ਜਗੀਰ ਸਿੰਘ, ਸੁਰਜਨ ਦੇਵ, ਕਸ਼ਮੀਰੀ ਲਾਲ ਅਤੇ ਹੋਰ ਸਾਥੀ ਹਾਜ਼ਰ ਸਨ ।