ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਖੇਤੀ ਲਈ ਘਾਤਕ ਸਾਜ਼ਿਸ਼ : ਬਰਾੜ
ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਖੇਤੀ ਲਈ ਘਾਤਕ ਸਾਜ਼ਿਸ਼ : ਪ੍ਰਭਬੀਰ ਸਿੰਘ ਬਰਾੜ
Publish Date: Thu, 12 Feb 2026 08:57 PM (IST)
Updated Date: Fri, 13 Feb 2026 04:15 AM (IST)

ਫੋਟੋ-36 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰ ਦੇ ਜਿਲਾ ਪ੍ਰਧਾਨ ਤੇ ਚੇਅਰਮੈਨ ਪਨਸਪ (ਪੰਜਾਬ) ਪ੍ਰਭਬੀਰ ਸਿੰਘ ਬਰਾੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਅਤੇ ਭਾਰਤ ਵਿਚਾਲੇ ਕੀਤਾ ਗਿਆ ਵਪਾਰ ਸਮਝੌਤਾ ਭਾਰਤੀ ਖੇਤੀ ਨਾਲ ਇੱਕ ਵੱਡੀ ਸਾਜ਼ਿਸ਼ ਹੈ। ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਅਮਰੀਕੀ ਉਤਪਾਦਾਂ ‘ਤੇ ਆਯਾਤ ਟੈਕਸ ਨੂੰ ਸਿਫ਼ਰ ਕਰਨਾ ਅਤੇ ਅਮਰੀਕਾ ਵੱਲੋਂ ਭਾਰਤੀ ਉਤਪਾਦਾਂ ‘ਤੇ 18 ਫੀਸਦੀ ਟੈਕਸ ਲਗਾਉਣਾ ਪੂਰੀ ਤਰ੍ਹਾਂ ਅਨਿਆਂ ਅਤੇ ਕਿਸਾਨ ਮਾਰੂ ਕਦਮ ਹੈ। ਇਹ ਫੈਸਲਾ ਭਾਰਤ ਦੀ ਖੇਤੀ ਆਧਾਰਿਤ ਅਰਥਵਿਵਸਥਾ ਨੂੰ ਤਬਾਹੀ ਵੱਲ ਧੱਕਣ ਵਾਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਨਾਲ ਦੇਸ਼ ਦੀ ਮੰਡੀ ਅਮਰੀਕਾ ਦੀ ਭਾਰੀ ਸਬਸਿਡੀ ਨਾਲ ਤਿਆਰ ਕੀਤੀ ਗਈ ਸਸਤੀ ਪੈਦਾਵਾਰ ਨਾਲ ਭਰ ਜਾਵੇਗੀ, ਜਿਸ ਕਾਰਨ ਦੇਸੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਔਨੇ-ਪੌਣੇ ਭਾਵਾਂ ’ਚ ਵੇਚਣੀਆਂ ਪੈਣਗੀਆਂ। ਅਜਿਹੀ ਸਥਿਤੀ ਵਿੱਚ ੰਸ਼ਫ ਵੀ ਕਿਸਾਨਾਂ ਲਈ ਕੋਈ ਸੁਰੱਖਿਆ ਨਹੀਂ ਰਹੇਗੀ। ਬਰਾੜ ਨੇ ਦੱਸਿਆ ਕਿ ਨਿੱਜੀ ਕੰਪਨੀਆਂ ਅਤੇ ਵੱਡੇ ਵਪਾਰੀ ਸਸਤੇ ਆਯਾਤੀ ਉਤਪਾਦ ਖਰੀਦਣ ਨੂੰ ਤਰਜੀਹ ਦੇਣਗੇ, ਜਿਸ ਨਾਲ ਭਾਰਤੀ ਕਿਸਾਨ ਬਾਜ਼ਾਰ ਤੋਂ ਬਾਹਰ ਹੋਣਗੇ। ਖਾਸ ਕਰਕੇ ਛੋਟੇ ਅਤੇ ਦਰਮਿਆਨੇ ਕਿਸਾਨ, ਜੋ ਪਹਿਲਾਂ ਹੀ ਮਹਿੰਗੀ ਖੇਤੀ ਨਾਲ ਜੂਝ ਰਹੇ ਹਨ, ਇਸ ਨੀਤੀ ਦਾ ਸਭ ਤੋਂ ਵੱਡਾ ਸ਼ਿਕਾਰ ਬਣਨਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਡੇਅਰੀ ਸੈਕਟਰ ਵਿੱਚ ਅਮਰੀਕੀ ਦੁੱਧ ਪਾਊਡਰ ਅਤੇ ਹੋਰ ਉਤਪਾਦ ਆਉਣ ਨਾਲ ਪਿੰਡਾਂ ਦੀ ਆਮਦਨ ਨੂੰ ਗੰਭੀਰ ਝਟਕਾ ਲੱਗੇਗਾ। ਇਸ ਨਾਲ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਖ਼ਤਰੇ ਵਿਚ ਪੈ ਜਾਵੇਗੀ। ਅੰਤ ’ਚ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕਾਂ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਈ ਲੜੇਗੀ ਅਤੇ ਕੇਂਦਰ ਸਰਕਾਰ ਨੂੰ ਇਹ ਕਿਸਾਨ ਵਿਰੋਧੀ ਸਮਝੌਤਾ ਵਾਪਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ।