ਸੀਆਈਟੀਯੂ ਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਨੂੰ ਕੀਤਾ ਯਾਦ
ਸੀਆਈਟੀਯੂ ਵੱਲੋਂ ਜਲ੍ਹਿਆਂਵਾਲਾ ਬਾਗ ਦਿਵਸ ਮਨਾਇਆ
Publish Date: Tue, 14 Apr 2026 07:40 PM (IST)
Updated Date: Wed, 15 Apr 2026 04:15 AM (IST)

ਸੀਆਈਟੀਯੂ ਵੱਲੋਂ ਜਲ੍ਹਿਆਂਵਾਲਾ ਬਾਗ ਦਿਵਸ ਮਨਾਇਆ ਫੋਟੋ-31 ਕੈਪਸਨ - ਜਲ੍ਹਿਆਂਵਾਲਾ ਬਾਗ਼ ਵਿਖੇ ਕਾਮਰੇਡ ਸੁੱਚਾ ਸਿੰਘ ਅਜਨਾਲਾ, ਊਸ਼ਾ ਰਾਣੀ, ਚੰਦਰ ਸ਼ੇਖਰ ਤੇ ਸਾਥੀ। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਾਰਤੀ ਆਜ਼ਾਦੀ ਸੰਗਰਾਮ ਦੀ ਪ੍ਰੇਰਨਾਦਾਇਕ ਅਤੇ ਮੀਲ ਪੱਥਰ ਘਟਨਾ, ਬ੍ਰਿਟਿਸ਼ ਸਾਮਰਾਜਵਾਦ ਵੱਲੋਂ ਕੀਤੇ ਗਏ ਜਲ੍ਹਿਆਂਵਾਲਾ ਬਾਗ਼ ਕਤਲੇਆਮ ਨੂੰ ਸੀਆਈਟੀਯੂ ਵੱਲੋਂ 13 ਅਪ੍ਰੈਲ 2026 ਨੂੰ ਜਲ੍ਹਿਆਂਵਾਲਾ ਬਾਗ਼, ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਸੀਆਈਟੀਯੂ ਦੀ ਅੰਮ੍ਰਿਤਸਰ ਜ਼ਿਲ੍ਹਾ ਕਮੇਟੀ ਦੁਆਰਾ ਆਯੋਜਿਤ ਇਹ ਪ੍ਰੋਗਰਾਮ ਜਲ੍ਹਿਆਂਵਾਲਾ ਬਾਗ ਵਿਖੇ ਸ਼ਹੀਦਾਂ ਦੇ ਸਮਾਰਕ ਤੇ ਸ਼ਰਧਾਂਜਲੀ ਭੇਟ ਕਰਨ ਨਾਲ ਸ਼ੁਰੂ ਹੋਇਆ। ਸੀਆਈਟੀਯੂ ਅਤੇ ਏਆਈਕੇਐਸ ਦੇ ਆਗੂਆਂ ਤੇ ਵਰਕਰਾਂ ਨੇ ਸਾਮਰਾਜਵਾਦ ਵਿਰੋਧੀ ਨਾਅਰਿਆਂ ਵਿਚਕਾਰ ਯਾਦਗਾਰ ਵੱਲ ਮਾਰਚ ਕੀਤਾ ਅਤੇ ਫੁੱਲਾਂ ਦੀ ਵਰਖਾ ਕੀਤੀ। ‘ਜੱਲ੍ਹਿਆਂਵਾਲਾ ਬਾਗ ਅਤੇ ਅੱਜ ਸਾਮਰਾਜਵਾਦ ਵਿਰੋਧੀ ਸੰਘਰਸ਼’ ਵਿਸ਼ੇ ਤੇ ਇਕ ਸੈਮੀਨਾਰ ਪੁਤਲੀਘਰ ਦੇ ਆਡੀਟੋਰੀਅਮ ’ਚ ਆਯੋਜਿਤ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਸੁੱਚਾ ਸਿੰਘ ਅਜਨਾਲਾ ਉਪ ਪ੍ਰਧਾਨ ਸੀਆਈਟੀਯੂ ਪੰਜਾਬ ਨੇ ਕੀਤੀ। ਚੰਦਰ ਸ਼ੇਖਰ ਪ੍ਰਧਾਨ ਸੀਆਈਟੀਯੂ ਨੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਦੇ ਪਿਛੋਕੜ ਅਤੇ ਭਾਰਤੀ ਆਜ਼ਾਦੀ ਸੰਗਰਾਮ ਵਿਚ ਇਨਕਲਾਬੀ ਲਹਿਰ ਦੀ ਵਿਰਾਸਤ ਦੀ ਵਿਸਤ੍ਰਿਤ ਤਸਵੀਰ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸਾਮਰਾਜ ਵਿਰੋਧੀ ਸੰਘਰਸ਼ਾਂ ਦੀ ਸਾਰਥਕਤਾ ਅੱਜ ਬਹੁਤ ਜ਼ਿਆਦਾ ਹੋ ਗਈ ਹੈ ਜਦੋਂ ਸਾਡੇ ਹਾਕਮ ਵਰਗ ਅਮਰੀਕੀ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਕਰ ਰਹੇ ਹਨ। ਊਸ਼ਾ ਰਾਣੀ ਸਕੱਤਰ ਸੀਆਈਟੀਯੂ ਨੇ ਆਜ਼ਾਦੀ ਸੰਘਰਸ਼ ਵਿਚ ਊਧਮ ਸਿੰਘ ਅਤੇ ਗਦਰ ਲਹਿਰ ਦੀ ਵਿਰਾਸਤ ਨੂੰ ਯਾਦ ਕੀਤਾ। ਏਆਰ ਸਿੰਧੂ ਸਕੱਤਰ ਸੀਆਈਟੀਯੂ ਨੇ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਆਰਐਸਐਸ ਪਰਿਵਾਰ ਨੇ ਉਸ ਸਮੇਂ ਬ੍ਰਿਿਟਸ਼ ਸਾਮਰਾਜਵਾਦ ਨਾਲ ਮਿਲ ਕੇ ਭਾਰਤੀ ਆਜ਼ਾਦੀ ਅੰਦੋਲਨ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਕਿਵੇਂ ਭਾਜਪਾ ਆਰਐਸਐਸ ਗੱਠਜੋੜ ਅਮਰੀਕੀ ਸਾਮਰਾਜਵਾਦ ਅੱਗੇ ਸਮਰਪਣ ਕਰਕੇ ਸਾਡੇ ਰਾਸ਼ਟਰੀ ਹਿੱਤਾਂ ਨਾਲ ਵਿਸ਼ਵਾਸਘਾਤ ਕਰ ਰਿਹਾ ਹੈ। ਸਾਡੇ ਆਜ਼ਾਦੀ ਸੰਘਰਸ਼ ਦੀ ਵਿਰਾਸਤ ਨੂੰ ਸੰਭਾਲਣ ਵਾਲੇ ਟ੍ਰੇਡ ਯੂਨੀਅਨ ਅਤੇ ਕਿਸਾਨ ਅੰਦੋਲਨ ਲਈ ਇਹ ਮਹੱਤਵਪੂਰਨ ਹੈ ਕਿ ਉਹ ਸਾਮਰਾਜਵਾਦੀ ਯੁੱਧ ਅਤੇ ਆਰਥਿਕ ਹਮਲੇ ਵਿਰੁੱਧ ਸੰਘਰਸ਼ ਵਿੱਚ ਮਜ਼ਦੂਰ ਲੋਕਾਂ ਨੂੰ ਲਾਮਬੰਦ ਕਰਨ। ਸੀਆਈਟੀਯੂ ਵੱਲੋਂ ਕਿਊਬਾ ਲਈ ਇਕਜੁੱਟਤਾ ਫੰਡ ਇਕੱਠਾ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਜੋ ਕਿ ਅਮਰੀਕੀ ਸਾਮਰਾਜਵਾਦ ਵਿਰੁੱਧ ਵਿਰੋਧ ਦਾ ਚਾਨਣ ਮੁਨਾਰਾ ਹੈ, ਉਨ੍ਹਾਂ ਨੇ ਸੀਆਈਟੀਯੂ ਅਤੇ ਏਆਈਕੇਐਸ ਦੇ ਕਾਡਰਾਂ ਨੂੰ ਫਿਰਕੂ ਫੁੱਟ ਪਾਊ ਤਾਕਤਾਂ ਦਾ ਵਿਰੋਧ ਕਰਨ ਅਤੇ ਕਾਰਪੋਰੇਟ ਫਿਰਕੂ ਗੱਠਜੋੜ ਵਿਰੁੱਧ ਸਾਡੀ ਲੜਾਈ ਵਿੱਚ ਜਨਤਾ ਨੂੰ ਲਾਮਬੰਦ ਕਰਨ ਲਈ ਜ਼ਮੀਨੀ ਪੱਧਰ ਤੇ ਮਜ਼ਦੂਰ ਕਿਸਾਨ ਏਕਤਾ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ, ਤਾਂ ਜੋ ਮਿਹਨਤਕਸ਼ ਲੋਕਾਂ ਲਈ ਅਸਲ ਆਜ਼ਾਦੀ ਪ੍ਰਾਪਤ ਕੀਤੀ ਜਾ ਸਕੇ। ਸੀਟੂ ਦੀ ਅੰਮ੍ਰਿਤਸਰ ਜ਼ਿਲ੍ਹਾ ਕਮੇਟੀ ਨੇ ਮੀਟਿੰਗ ਵਿਚ 50000 ਰੁਪਏ ਕਿਊਬਾ ਏਕਤਾ ਫੰਡ ਸੌਂਪਿਆ।