ਤਨਖਾਹਾਂ ’ਚ ਕਟੌਤੀ ਤੋਂ ਦਫ਼ਤਰੀ ਕਰਮਚਾਰੀ ਭੜਕੇ
ਤਨਖਾਹਾਂ ’ਚ ਕਟੌਤੀ ਤੋਂ ਦਫ਼ਤਰੀ ਕਰਮਚਾਰੀ ਭੜਕੇ
Publish Date: Tue, 14 Apr 2026 07:30 PM (IST)
Updated Date: Wed, 15 Apr 2026 04:15 AM (IST)

* 18 ਅਪ੍ਰੈਲ ਨੂੰ ਵਿੱਤ ਮੰਤਰੀ ਦਾ ਘਿਰਾਓ ਕਰਨ ਦੀ ਚਿਤਾਵਨੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਿੱਖਿਆ ਵਿਭਾਗ ਦੇ ਦਫ਼ਤਰੀ ਕਰਮਚਾਰੀ ਭਾਰੀ ਤਨਖਾਹ ਕਟੌਤੀ ਦੇ ਵਿਰੋਧ ’ਚ ਭੜਕ ਉੱਠੇ ਹਨ। ਉਨ੍ਹਾਂ 18 ਅਪ੍ਰੈਲ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਹੈ। ਉਹ ਪਿਛਲੇ 20 ਸਾਲਾਂ ਤੋਂ ਸੇਵਾ ਨਿਭਾਅ ਰਹੇ 1,007 ਕਰਮਚਾਰੀਆਂ ਲਈ ਪ੍ਰਤੀ ਮਹੀਨਾ 31,000 ਰੁਪਏ ਦੀ ਤਨਖਾਹ ’ਚ ਕਟੌਤੀ ਤੋਂ ਬਹੁਤ ਰੋਸ ’ਚ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ 8 ਸਤੰਬਰ ਨੂੰ ਆਪਣੀ ਕੈਬਨਿਟ ਮੀਟਿੰਗ ’ਚ ਇਸ ਕਟੌਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਤੇ 23 ਸਤੰਬਰ 2025 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹਾਲਾਕਿ ਕਰਮਚਾਰੀਆਂ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਵੱਲੋਂ ਵਾਰ-ਵਾਰ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਕਿ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ, ਇਹ ਹੁਕਮ 24 ਫਰਵਰੀ 2026 ਨੂੰ ਲਾਗੂ ਕਰ ਦਿੱਤਾ ਗਿਆ। ਇਸ ਫੈਸਲੇ ਦੇ ਵਿਰੋਧ ’ਚ ਕਰਮਚਾਰੀਆਂ ਨੇ ਪਹਿਲਾਂ ਮੋਹਾਲੀ ’ਚ ਵੱਡਾ ਪ੍ਰਦਰਸ਼ਨ ਕੀਤਾ ਤੇ ਫਿਰ ਚੰਡੀਗੜ੍ਹ ’ਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ, ਜਿੱਥੇ ਪੁਲਿਸ ਨੇ ਪਾਣੀ ਦੀਆਂ ਬੁਛਾਰਾਂ ਦੀ ਵਰਤੋਂ ਕੀਤੀ। ਇਸ ਦੇ ਬਾਵਜੂਦ ਕਰਮਚਾਰੀ ਆਪਣੀਆਂ ਮੰਗਾਂ ਤੇ ਅੜੇ ਰਹੇ। ਵਿੱਤ ਮੰਤਰੀ ਨਾਲ ਮੀਟਿੰਗਾਂ ਨੂੰ ਵੀ ਵਾਰ-ਵਾਰ ਮੁਲਤਵੀ ਕੀਤਾ ਗਿਆ, ਜੋ 27 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ, 6 ਮਾਰਚ, 27 ਮਾਰਚ ਅਤੇ 10 ਅਪ੍ਰੈਲ ਨੂੰ ਕਈ ਵਾਰ ਮੁਲਤਵੀ ਹੋਈਆਂ। ਇਸ ਨਾਲ ਕਰਮਚਾਰੀਆਂ ਵਿਚ ਨਿਰਾਸ਼ਾ ਅਤੇ ਗੁੱਸਾ ਵਧਿਆ ਹੈ। ਯੂਨੀਅਨ ਆਗੂ ਵਿਕਾਸ ਕੁਮਾਰ ਨੇ ਕਿਹਾ ਕਿ ਸਰਕਾਰ ਕਰਮਚਾਰੀਆਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਤਨਖਾਹਾਂ ਵਿੱਚ ਕਟੌਤੀ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਤ ਕਰੇਗੀ। ਉਨ੍ਹਾਂ ਚਿਤਾਵਨੀ ਦਿੱਤੀ ਕਿ 18 ਅਪ੍ਰੈਲ ਨੂੰ ਕਰਮਚਾਰੀ ਆਪਣੇ ਬੱਚਿਆਂ ਨੂੰ ਵਿੱਤ ਮੰਤਰੀ ਦੀ ਰਿਹਾਇਸ਼ ਤੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਛੱਡਣਗੇ।