ਕਿਸਾਨ ਸੰਘਰਸ਼ ਕਮੇਟੀ ਵੱਲੋਂ ਐੱਲਆਈਸੀ ਦਫਤਰ ਰਈਆ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ
ਕਿਸਾਨ ਸੰਘਰਸ਼ ਕਮੇਟੀ ਵਲੋਂ ਐਲਆਈਸੀ ਦਫਤਰ ਰਈਆ ਦੇ ਬਾਹਰ ਅਣਮਿਥੇ ਸਮੇਂ ਲਈ ਧਰਨਾ
Publish Date: Tue, 07 Apr 2026 07:56 PM (IST)
Updated Date: Wed, 08 Apr 2026 04:12 AM (IST)

ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਖਡੂਰ ਸਾਹਿਬ ਵੱਲੋਂ ਐੱਲਆਈਸੀ ਦਫਤਰ ਰਈਆ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂ ਸੁਖਚੈਨ ਸਿੰਘ ਅੱਲੋਵਾਲ ਅਤੇ ਭਗਵਾਨ ਸਿੰਘ ਸੰਘਰ ਨੇ ਦੱਸਿਆ ਕਿ ਐੱਲਆਈਸੀ ਦੇ ਇਕ ਏਜੰਟ ਵੱਲੋਂ ਪਿੰਡ ਏਕਲਗੱਡੇ ਦੇ ਇਕ ਵਿਅਕਤੀ ਦਾ ਧੋਖੇ ਨਾਲ ਬਿਨਾਂ ਚੰਗੇ ਤਰੀਕੇ ਨਾਲ ਸਮਝਾਏ ਬੀਮਾ ਕਰ ਦਿੱਤਾ ਗਿਆ ਸੀ, ਸਬੰਧਤ ਪਰਿਵਾਰ ਨੇ ਇਸ ਧੋਖੇ ਸਬੰਧੀ ਦਫਤਰ ਦੇ ਮੈਨੇਜਰ ਨਾਲ ਗੱਲ ਕੀਤੀ ਤਾਂ ਮੈਨੇਜਰ ਨੇ ਕੋਈ ਗੱਲ ਨਹੀਂ ਸੁਣੀ ਤਾਂ ਪਰਿਵਾਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਸੰਪਰਕ ਕੀਤਾ। ਆਗੂਆਂ ਨੇ ਮੈਨੇਜਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਟਾਲਮਟੋਲ ਕੀਤਾ ਗਿਆ। ਮੈਨੇਜਰ ’ਤੇ ਦਬਾਅ ਪਾਉਣ ਤੇ ਉਨ੍ਹਾਂ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ, ਪਰ ਮਹੀਨਾਂ ਬੀਤ ਜਾਣ ਤੇ ਵੀ ਉਨ੍ਹਾਂ ਨੇ ਇਸ ਮਸਲੇ ਦਾ ਕੋਈ ਹੱਲ ਨਹੀਂ ਕੀਤਾ, ਜਿਸ ’ਤੇ ਅੱਜ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਦਫਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਜਿੰਨਾਂ ਚਿਰ ਮਸਲਾ ਹੱਲ ਨਹੀਂ ਹੁੰਦਾ ਧਰਨਾ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੰਪਨੀ ਵੱਲੋਂ ਬੀਮਾ ਕਰਨ ਸਮੇਂ ਜਿਹੜੇ ਫਾਰਮਾਂ ਉਪਰ ਸਾਈਨ ਕਰਵਾਏ ਜਾਂਦੇ ਹਨ, ਉਹ ਅੰਗਰੇਜੀ ’ਚ ਹੋਣ ਕਾਰਨ ਉਸ ਵਿਚ ਲਿਖੀਆਂ ਸ਼ਰਤਾਂ ਆਮ ਬੰਦਾ ਪੜ੍ਹ ਕੇ ਆਸਾਨੀ ਨਾਲ ਸਮਝ ਨਹੀਂ ਸਕਦਾ, ਜਿਸ ਕਾਰਨ ਲੋਕ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਸਬੰਧਤ ਫਾਰਮ ਪੰਜਾਬੀ ਭਾਸ਼ਾ ਵਿਚ ਵੀ ਹੋਣੇ ਚਾਹੀਦੇ ਹਨ ਤਾਂ ਕਿ ਲੋਕ ਸ਼ਰਤਾਂ ਨੂੰ ਆਸਾਨੀ ਨਾਲ ਪੜ੍ਹ ਸਕਣ। ਇਸ ਸਬੰਧੀ ਐਲਆਈਸੀ ਦੇ ਬ੍ਰਾਂਚ ਮੈਨੇਜਰ ਰਾਕੇਸ਼ ਜੁਲਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਫਤਰ ਵੱਲੋਂ ਧੋਖਾ ਕੀਤੇ ਜਾਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਦੱਸਿਆ ਕਿ ਸਬੰਧਿਤ ਵਿਅਕਤੀ ਦਾ ਬੀਮਾ ਇੱਕ ਏਜੰਟ ਵੱਲੋਂ ਜੁਲਾਈ 2021 ਵਿਚ ਕੀਤਾ ਗਿਆ ਸੀ। ਪਾਰਟੀ ਵੱਲੋਂ ਪਹਿਲੀ ਇਕ ਹੀ ਕਿਸ਼ਤ ਜਮਾਂ ਕਰਵਾਈ ਗਈ ਸੀ ਬਾਅਦ ਵਿਚ ਕਿਸ਼ਤ ਨਾ ਭਰਨ ਕਾਰਨ ਬੀਮਾਂ ਬੰਦ ਹੋ ਗਿਆ ਸੀ। ਕੰਪਨੀ ਦੇ ਰੂਲ ਮੁਤਾਬਕ ਕੋਈ ਵੀ ਬੀਮਾ ਸ਼ੁਰੂ ਕਰਨ ਤੋਂ ਬਾਅਦ 2 ਸਾਲ ਚੱਲਣ ’ਤੇ ਹੀ ਬੀਮਾ ਸਰੰਡਰ ਹੋ ਸਕਦਾ ਹੈ ਜਿਸ ਦੀਆਂ ਸ਼ਰਤਾਂ ਕੰਪਨੀ ਵੱਲੋਂ ਜਾਰੀ ਕੀਤੇ ਗਏ ਪਾਲਿਸੀ ਬਾਂਡ ਵਿਚ ਸਪੱਸ਼ਟ ਲਿਖੀਆਂ ਹਨ। ਉਨ੍ਹਾਂ ਦੱਸਿਆ ਕਿ ਕੋਈ ਵੀ ਬੀਮਾ ਸ਼ੁਰੂ ਹੋਣ ਉਪਰੰਤ 15 ਦਿਨਾਂ ਦਾ ਪੀਰੀਅਡ ਹੁੰਦਾ ਹੈ, ਜਿਸ ਦੌਰਾਨ ਪੈਸੇ ਵਾਪਸ ਹੋ ਜਾਂਦੇ ਹਨ।