ਦਾਜ ’ਚ ਕਾਰ ਨਾ ਮਿਲੀ ਤਾਂ ਵਿਆਹੁਤਾ ਨੂੰ ਘਰੋਂ ਕੱਢਿਆ, ਕੇਸ
ਦਾਜ ’ਚ ਕਾਰ ਨਾ ਮਿਲੀ ਤਾਂ ਵਿਆਹੁਤਾ ਨੂੰ ਘਰੋਂ ਕੱਢਿਆ, ਕੇਸ
Publish Date: Tue, 07 Apr 2026 07:32 PM (IST)
Updated Date: Wed, 08 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਜੀਠਾ ਥਾਣੇ ਦੀ ਪੁਲਿਸ ਨੇ ਆਪਣੀ ਪਤਨੀ ਨੂੰ ਦਾਜ ਵਜੋਂ ਕਾਰ ਨਾ ਮਿਲਣ ਤੇ ਘਰੋਂ ਕੱਢ ਦੇਣ ਦੇ ਦੋਸ਼ ਹੇਠ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜਮ ਇਸ ਸਮੇਂ ਸਿੰਗਾਪੁਰ ਵਿਚ ਹੈ ਅਤੇ ਡਰਾਈਵਰ ਵਜੋਂ ਕੰਮ ਕਰਦਾ ਹੈ। ਐਫਆਈਆਰ ਤੋਂ ਅਸੰਤੁਸ਼ਟੀ ਪ੍ਰਗਟ ਕਰਦੇ ਹੋਏ ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਨੇ ਸਬੂਤਾਂ ਸਮੇਤ ਆਪਣੇ ਸਹੁਰਿਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਪਰ ਉਸ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਪੀੜਤਾ ਨੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਅਤੇ ਐਸਐਸਪੀ (ਦਿਹਾਤੀ) ਅੰਮ੍ਰਿਤਸਰ ਸੋਹੇਲ ਮੀਰ ਨੂੰ ਇਨਸਾਫ਼ ਲਈ ਅਪੀਲ ਕੀਤੀ ਹੈ। ਭੰਗਾਲੀ ਕਲਾਂ ਦੀ ਰਹਿਣ ਵਾਲੀ ਕੋਮਲਪ੍ਰੀਤ ਕੌਰ ਦੀ ਸ਼ਿਕਾਇਤ ਤੇ ਮਜੀਠਾ ਥਾਣੇ ਦੀ ਪੁਲਿਸ ਨੇ ਭਗਤਾਂਵਾਲਾ ਦੇ ਗੁਰੂ ਰਾਮਦਾਸ ਜੀ ਨਗਰ ਦੇ ਰਹਿਣ ਵਾਲੇ ਮਨਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਿਤਾ ਨੇ ਦੱਸਿਆ ਕਿ ਉਸ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਉਸ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਸੀ ਅਤੇ ਵਿਆਹ ਤੋਂ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵਿਚ ਕੰਮ ਕੀਤਾ ਸੀ। ਉਸ ਦੇ ਮਾਪਿਆਂ ਨੇ ਆਪਣੇ ਹੈਸੀਅਤ ਅਨੁਸਾਰ ਦਾਜ ਦਿੱਤਾ ਸੀ। ਵਿਆਹ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਨੂੰ ਨੌਕਰੀ ਵੀ ਛੁਡਵਾ ਦਿੱਤੀ ਅਤੇ ਥੋੜ੍ਹੀ ਦੇਰ ਬਾਅਦ ਇਕ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਸ ਨੇ ਵਿਰੋਧ ਕੀਤਾ, ਤਾਂ ਉਸ ਨੂੰ ਕੁੱਟਿਆ ਗਿਆ ਅਤੇ ਘਰੋਂ ਬਾਹਰ ਕੱਢ ਦਿੱਤਾ ਗਿਆ। ਉਸ ਦਾ ਪਤੀ ਬਾਅਦ ਵਿਚ ਵਿਦੇਸ਼ ਚਲਾ ਗਿਆ। ਹੁਣ ਉਹ ਆਪਣੇ ਮਾਪਿਆਂ ਨਾਲ ਰਹਿ ਰਹੀ ਹੈ।