ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਲਈ ਐੱਸਡੀਐੱਮ ਮਜੀਠਾ ਦੇ ਨਾਂ ਦਿੱਤਾ ਮੰਗ-ਪੱਤਰ
ਨੁਕਸਾਨੀਆਂ ਫਸਲਾਂ ਦੇ ਮੁਆਵਜੇ ਲਈ ਐਸਡੀਐਮ ਮਜੀਠਾ ਦੇ ਨਾਂ ਦਿੱਤਾ ਮੰਗ ਪੱਤਰ
Publish Date: Tue, 07 Apr 2026 06:52 PM (IST)
Updated Date: Wed, 08 Apr 2026 04:09 AM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਮਜੀਠਾ ਅਤੇ ਆਸਪਾਸ ਪਿੰਡਾਂ ਵਿਚ ਬੇਮੌਸਮੀ ਬਰਸਾਤ ਅਤੇ ਹੋਈ ਗੜੇਮਾਰੀ ਨਾਲ ਕਣਕ, ਸਬਜ਼ੀਆਂ ਅਤੇ ਹੋਰ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ। ਜਿਸ ਦੇ ਸਬੰਧ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਰਕਲ ਮਜੀਠਾ ਦੇ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਵਾਲੇ ਵਫਦ ਨੇ ਐਸਡੀਐਮ ਮਜੀਠਾ ਦੇ ਨਾਮ ਇਕ ਮੰਗ ਪੱਤਰ ਤਹਿਸੀਲਦਾਰ ਮਜੀਠਾ ਦਰਸ਼ਨ ਸਿੰਘ ਨੂੰ ਦਿੱਤਾ। ਮੰਗ ਪੱਤਰ ਵਿਚ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮਜੀਠਾ ਦਿਹਾਤੀ, ਨਾਗ ਕਲਾਂ, ਨਾਗ ਨਵੇ, ਨਾਗ ਖੁਰਦ, ਡੱਡੀਆਂ, ਈਦਗਾਹ, ਸੁਪਾਰੀਵਿੰਡ, ਹਰੀਆਂ, ਸ਼ਾਮਨਗਰ ਆਦਿ ਪਿੰਡਾਂ ਵਿਚ ਕਣਕ ਅਤੇ ਬਾਕੀ ਫਸਲਾਂ, ਸਬਜ਼ੀਆਂ ਦਾ ਸੌ ਫੀਸਦੀ ਨੁਕਸਾਨ ਹੋਇਆ ਹੈ। ਨੁਕਸਾਨੀਆਂ ਗਈਆਂ ਫਸਲਾਂ ਦੀ ਜਲਦੀ ਤੋਂ ਜਲਦੀ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਾਸ਼ਤਕਾਰ ਕਿਸਾਨਾਂ ਨੂੰ ਬਣਦਾ ਯੋਗ ਮੁਆਵਜਾ ਦਿਵਾਇਆ ਜਾਵੇ। ਤਹਿਸੀਲਦਾਰ ਦਰਸ਼ਨ ਸਿੰਘ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਮੰਗ ਪੱਤਰ ’ਤੇ ਬਣਦੀ ਕਾਰਵਾਈ ਕਰਕੇ ਉਚ ਅਧਿਕਾਰੀਆਂ ਤੱਕ ਪਹੁੰਚਾ ਦਿੰਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਰਕੇ ਕਰਜੇ ਵਿਚ ਡੁੱਬਾ ਪਿਆ ਹੈ ਅਤੇ ਮਜਬੂਰ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਅਜਿਹੇ ਵਿਚ ਹੁਣ ਕੁਦਰਤ ਦੀ ਮਾਰ ਸਹਿਣ ਯੋਗ ਕਿਸਾਨ ਨਹੀਂ ਹੈ। ਇਸ ਕਰਕੇ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀ ਬਾਂਹ ਫੜਣੀ ਚਾਹੀਦੀ ਹੈ। ਇਸ ਮੌਕੇ ਵਫਦ ਵਿਚ ਜਸਪਾਲ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਰਾਜਾ, ਕੁਲਵੰਤ ਸਿੰਘ, ਬਲਬੀਰ ਸਿੰਘ, ਰਣਦੀਪ ਸਿੰਘ, ਪ੍ਰਭ ਸਿੰਘ, ਬਿਕਰਮਜੀਤ ਸਿੰਘ, ਅਵਤਾਰ ਸਿੰਘ, ਸ਼ਮਸ਼ੇਰ ਸਿੰਘ, ਨਿਰਮਲ ਸਿੰਘ, ਲਖਬੀਰ ਸਿੰਘ, ਪ੍ਰਗਟ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ, ਸੁਖਦੀਪ ਸਿੰਘ, ਮਨਿੰਦਰ ਸਿੰਘ, ਆਦਿ ਹਾਜ਼ਰ ਸਨ।