ਨਾਰਾਜ਼ ਮਹਿਲਾ ਕਾਂਗਰਸ ਪ੍ਰਧਾਨ ਨੂੰ ਮਨਾਉਣ ਪੁੱਜੇ ਦਿਨੇਸ਼ ਬੱਸੀ
ਨਾਰਾਜ਼ ਮਹਿਲਾ ਕਾਂਗਰਸ ਪ੍ਰਧਾਨ ਨੂੰ ਮਨਾਉਣ ਪਹੁੰਚੇ ਦਿਨੇਸ਼ ਬੱਸੀ
Publish Date: Tue, 07 Apr 2026 06:48 PM (IST)
Updated Date: Wed, 08 Apr 2026 04:09 AM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਾਂਗਰਸ ਅੰਮ੍ਰਿਤਸਰ ਦੀ ਪ੍ਰਧਾਨ ਸ਼ਿਵਾਨੀ ਸ਼ਰਮਾ ਵੱਲੋਂ ਬੀਤੇ ਦਿਨੀਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਖੁਦ ਮਹਿਲਾ ਕਾਂਗਰਸ ਅੰਮ੍ਰਿਤਸਰ ਦੀ ਪ੍ਰਧਾਨ ਸ਼ਿਵਾਨੀ ਸ਼ਰਮਾ ਨੂੰ ਮਨਾਉਣ ਲਈ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪਹੁੰਚੇ। ਇਸ ਮੁਲਾਕਾਤ ਦੌਰਾਨ ਦੋਵੇਂ ਆਗੂਆਂ ਵਿਚਕਾਰ ਖੁੱਲ੍ਹ ਕੇ ਗੱਲਬਾਤ ਹੋਈ। ਹਾਲ ਹੀ ਵਿਚ ਕੁਝ ਨਾਰਾਜ਼ਗੀ ਦੇ ਚੱਲਦੇ ਸ਼ਿਵਾਨੀ ਸ਼ਰਮਾ ਵੱਲੋਂ ਦਿੱਤੇ ਗਏ ਅਸਤੀਫ਼ੇ ਦੇ ਮਾਮਲੇ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਦਿਨੇਸ਼ ਬੱਸੀ ਨੇ ਉਨ੍ਹਾਂ ਦੇ ਸਾਰੇ ਸਵਾਲਾਂ ਅਤੇ ਸ਼ੰਕਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ। ਮੁਲਾਕਾਤ ਤੋਂ ਬਾਅਦ ਦਿਨੇਸ਼ ਬੱਸੀ ਨੇ ਕਿਹਾ ਕਿ ਸ਼ਿਵਾਨੀ ਸ਼ਰਮਾ ਪਾਰਟੀ ਦੀ ਬਹੁਤ ਹੀ ਕਰਮਠ, ਇਮਾਨਦਾਰ ਅਤੇ ਜੁਝਾਰੂ ਆਗੂ ਹਨ। ਉਨ੍ਹਾਂ ਦਾ ਸੰਗਠਨ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ ਅਤੇ ਕਾਂਗਰਸ ਪਾਰਟੀ ਨੂੰ ਅਜਿਹੇ ਸਮਰਪਿਤ ਵਰਕਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਕਿਸੇ ਵੀ ਤਰ੍ਹਾਂ ਦੀ ਗਲਤਫਹਮੀ ਜਾਂ ਨਾਰਾਜ਼ਗੀ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਅਤੇ ਇਹੀ ਕਾਂਗਰਸ ਦੀ ਪਰੰਪਰਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਆਪਣੇ ਹਰ ਸਾਥੀ ਨੂੰ ਨਾਲ ਲੈ ਕੇ ਚੱਲਣ ਵਿਚ ਵਿਸ਼ਵਾਸ ਰੱਖਦੀ ਹੈ ਅਤੇ ਇਸੇ ਰਾਹ ’ਤੇ ਅੱਗੇ ਵੱਧ ਰਹੀ ਹੈ ਅਤੇ ਅੱਗੇ ਵੀ ਵੱਧਦੀ ਰਹੇਗੀ। ਇਸ ਮੁਲਾਕਾਤ ਤੋਂ ਬਾਅਦ ਮਾਹੌਲ ਸਕਾਰਾਤਮਕ ਨਜ਼ਰ ਆਇਆ। ਸ਼ਿਵਾਨੀ ਸ਼ਰਮਾ ਨੇ ਵੀ ਪਾਰਟੀ ਪ੍ਰਤੀ ਆਪਣੇ ਪੁਰਾਣੇ ਸਮਰਪਣ ਨੂੰ ਦੁਹਰਾਉਂਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਹ ਅੱਗੇ ਵੀ ਕਾਂਗਰਸ ਪਾਰਟੀ ਦੀ ਸੇਵਾ ਕਰਦੀਆਂ ਰਹਿਣਗੀਆਂ।