ਪੰਜਾਬ ਸਰਕਾਰ ਦਾ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ
ਪੰਜਾਬ ਸਰਕਾਰ ਦਾ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ
Publish Date: Tue, 07 Apr 2026 06:45 PM (IST)
Updated Date: Wed, 08 Apr 2026 04:09 AM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਇਕੱਤਰਤਾ ਸਥਾਨਕ ਰਾਮ ਬਾਗ ਵਿਖੇ ਸੁਰਜੀਤ ਸਿੰਘ ਗੁਰਾਇਆ ਚੀਫ ਪੈਟਰਨ ਅਤੇ ਸੁਖਦੇਵ ਸਿੰਘ ਪੰਨੂੰ ਪ੍ਰਧਾਨ ਦੀ ਅਗਵਾਈ ਹੇਠ ਹੋਈ। ਇਕੱਤਰਤਾ ਵਿਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾਮੁਕਤ ਹੋਏ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੀਟਿੰਗ ਦੀ ਰਸਮੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਜਥੇਬੰਦੀ ਦੇ ਸਰਗਰਮ ਮੈਂਬਰ ਸੁਖਬੀਰ ਸਿੰਘ ਮੁੱਖ ਖਰੜਾਕਾਰ ਦੇ ਮਾਤਾ, ਸੀਨੀਅਰ ਪੈਨਸ਼ਨਰ ਸਾਥੀਆ ਪਰਗਟ ਸਿੰਘ ਆਰਸੀ, ਸਤਨਾਮ ਸਿੰਘ ਗਿੱਲ ਉਪ ਮੰਡਲ ਅਫਸਰ ਅਤੇ ਬਲਬੀਰ ਸਿੰਘ ਡਰਾਈਵਰ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਇਨ੍ਹਾਂ ਸਾਰੀਆਂ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜਥੇਬੰਦੀ ਵੱਲੋਂ ਦੁਖੀ ਪਰਿਵਾਰਾਂ ਨਾਲ ਦੁੱਖ ਅਤੇ ਹਮਦਰਦੀ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸ ਤੋਂ ਬਾਅਦ ਚਰਨ ਸਿੰਘ ਸੰਧੂ ਜਨਰਲ ਸਕੱਤਰ ਵੱਲੋਂ ਰਸਮੀ ਤੌਰ ਤੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਮੀਟਿੰਗ ਦਾ ਏਜੰਡਾ ਪੜ੍ਹ ਕੇ ਸੁਣਾਇਆ ਤੇ ਪਿਛਲੇ ਇਕ ਮਹੀਨੇ ਦੀਆਂ ਜਥੇਬੰਦਕ ਗਤੀਵਿਧੀਆਂ ਦੀ ਰਿਪੋਰਟਿੰਗ ਕਰਨ ਤੋਂ ਬਾਅਦ ਜਥੇਬੰਦੀ ਦੇ ਕੈਸ਼ੀਅਰ ਨਰਿੰਦਰ ਸ਼ਰਮਾ ਨੇ ਮਾਰਚ ਮਹੀਨੇ ਦੀ ਆਮਦਨ ਅਤੇ ਖਰਚ ਦਾ ਵੇਰਵਾ ਮੀਟਿੰਗ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਸੁਰਜੀਤ ਸਿੰਘ ਗੁਰਾਇਆ ਚੀਫ ਪੈਟਰਨ, ਸੁਖਦੇਵ ਸਿੰਘ ਪੰਨੂੰ ਪ੍ਰਧਾਨ, ਚਰਨ ਸਿੰਘ ਐਕਟਿੰਗ ਪ੍ਰਧਾਨ, ਭਾਰਤ ਭੂਸ਼ਨ ਬਾਂਸਲ ਅਤੇ ਕੁਲਦੀਪ ਸਿੰਘ ਦੋਵੇਂ ਮੀਤ ਪ੍ਰਧਾਨ, ਚਰਨ ਸਿੰਘ ਸੰਧੂ ਜਨਰਲ ਸਕੱਤਰ, ਨਰਿੰਦਰ ਸ਼ਰਮਾ ਕੈਸ਼ੀਅਰ, ਸਤਪਾਲ ਚੋਲੀਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿੱਥੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਦਾ ਜ਼ਿਕਰ ਕੀਤਾ, ਉੱਥੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੰਗਾਂ ਪ੍ਰਤੀ ਕੋਈ ਹੁੰਗਾਰਾ ਨਾ ਭਰਨ ਅਤੇ ਸਮੇਂ-ਸਮੇਂ ’ਤੇ ਮੀਟਿੰਗਾਂ ਦਾ ਸਮਾਂ ਦੇ ਕੇ ਮੌਕੇ ਤੇ ਮੀਟਿੰਗਾਂ ਰੱਦ ਕਰਨ ਦਾ ਵੀ ਜ਼ਿਕਰ ਕੀਤਾ। ਸਾਰੇ ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਮੰਗਾਂ ਮੰਨਣ ਪ੍ਰਤੀ ਅਪਣਾਈ ਨਾਂਹ ਪੱਖੀ ਅਤੇ ਹਠ ਧਰਮੀ ਵਾਲੀ ਨੀਤੀ ਦੀ ਕਰੜੇ ਸ਼ਬਦਾਂ ਵਿੱਚ ਜ਼ੋਰਦਾਰ ਨਿਖੇਧੀ ਕੀਤੀ। ਇਸ ਇਕੱਤਰਤਾ ਨੇ ਸਰਬ ਸੰਮਤੀ ਨਾਲ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਦਾ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਰਵੱਈਆ ਨਾ ਬਦਲਿਆ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਸ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਸਮਰਾ, ਤਰਲੋਕ ਸਿੰਘ ਕਾਹਲੋ, ਪਰਵਿੰਦਰ ਸਿੰਘ, ਜਸਮੇਲ ਸਿੰਘ, ਰਣਜੀਤ ਸਿੰਘ, ਵਰਿੰਦਰ ਕੁਮਾਰ, ਅਵਿਨਾਸ਼ ਕੁਮਾਰ, ਵਿਮਲ ਕੁਮਾਰ, ਸਵਿੰਦਰ ਪਾਲ ਸਿੰਘ, ਹਰਜਿੰਦਰ ਸਿੰਘ, ਨਰਿੰਦਰ ਸਿੰਘ, ਅਮਰੀਕ ਸਿੰਘ, ਮਨਮੋਹਣ ਸਿੰਘ, ਕੰਵਲਜੀਤ ਸਿੰਘ ਬੱਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ।