ਠੋਸ ਕੂੜੇ ਦੇ ਪ੍ਰਬੰਧਨ ਲਈ ਜਾਗਰੂਕਤਾ ਵੈਨ ਰਵਾਨਾ
ਠੋਸ ਕੂੜੇ ਦੇ ਪ੍ਰਬੰਧਨ ਲਈ ਜਾਗਰੂਕਤਾ ਵੈਨ ਰਵਾਨਾ
Publish Date: Tue, 07 Apr 2026 05:42 PM (IST)
Updated Date: Wed, 08 Apr 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਸ਼ਹਿਰ ਵਿਚ ਠੋਸ ਕੂੜੇ ਦੇ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰਣਜੀਤ ਐਵੀਨਿਊ ਸਥਿਤ ਨਗਰ ਨਿਗਮ ਦਫ਼ਤਰ ਤੋਂ ਇਕ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਨੇ ਕਿਹਾ ਕਿ ਠੋਸ ਕੂੜੇ ਦੇ ਸਹੀ ਪ੍ਰਬੰਧਨ ਲਈ ਘਰ ਵਿਚ ਕੂੜੇ ਦਾ ਪ੍ਰਬੰਧਨ ਕਰਨਾ ਜ਼ਰੂਰੀ ਹੈ। ਜਿਸ ਤਹਿਤ ਘਰ ਵਿਚ ਹੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕੂੜੇਦਾਨਾਂ ਵਿਚ ਰੱਖਣਾ ਚਾਹੀਦਾ ਹੈ। ਗਿੱਲੇ ਕੂੜੇ ਵਿਚ ਸਬਜ਼ੀਆਂ ਅਤੇ ਫਲਾਂ ਦੇ ਛਿਲਕੇ, ਖਰਾਬ ਭੋਜਨ, ਅੰਡੇ ਦੇ ਛਿਲਕੇ, ਟੀ ਬੈਗ, ਸੜੇ ਫਲ, ਫੁੱਲਾਂ ਦੇ ਹਾਰ, ਪੱਤੇ, ਮਾਸ ਅਤੇ ਮੱਛੀ ਦੀਆਂ ਹੱਡੀਆਂ ਆਦਿ ਸ਼ਾਮਲ ਹਨ। ਸੁੱਕੇ ਕੂੜੇ ’ਚ ਪਲਾਸਟਿਕ ਦੇ ਕਵਰ, ਬੋਤਲਾਂ ਅਤੇ ਡੱਬੇ, ਚਿਪਸ ਅਤੇ ਟੌਫੀ ਦੇ ਰੈਪਰ, ਅਖ਼ਬਾਰ, ਗੱਤੇ, ਫਾਈਲ ਪੇਪਰ, ਟੈਟਰਾਪੈਕ, ਧਾਤ ਦੇ ਡੱਬੇ, ਗਲਾਸ, ਬੋਤਲਾਂ, ਜਾਰ ਅਤੇ ਪਲੇਟਾਂ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਘਰਾਂ ਤੋਂ ਰਸਾਇਣਕ ਕੂੜਾ ਜਿਵੇਂ ਕਿ ਕੀਟਨਾਸ਼ਕ, ਵਰਤੀਆਂ ਗਈਆਂ ਬੈਟਰੀਆਂ ਅਤੇ ਸੈੱਲ, ਮਿਆਦ ਪੁੱਗ ਚੁੱਕੀਆਂ ਦਵਾਈਆਂ, ਫਿਨਾਇਲ, ਐਸਿਡ, ਬਲੀਚਿੰਗ ਏਜੰਟ, ਖਰਾਬ ਬਿਜਲੀ ਦੀਆਂ ਤਾਰਾਂ ਆਦਿ ਨੂੰ ਕਾਲੇ ਕੂੜੇਦਾਨ ਵਿਚ ਰੱਖਣਾ ਚਾਹੀਦਾ ਹੈ। ਘਰੇਲੂ ਕੂੜਾ ਇਕੱਠਾ ਕਰਨ ਵਾਲੇ ਕਰਮਚਾਰੀਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸੈਨੇਟਰੀ ਪੈਡ ਅਤੇ ਡਾਇਪਰ ਸਮੇਤ ਸੈਨੇਟਰੀ ਕੂੜੇ ਲਈ ਲਾਲ ਕੂੜੇਦਾਨ ਦੀ ਵਰਤੋਂ ਕਰਨੀ ਚਾਹੀਦੀ ਹੈ। ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਵਿਚ ਕੂੜਾ ਪ੍ਰਬੰਧਨ ਜਨਤਕ ਸਹਿਯੋਗ ਅਤੇ ਭਾਗੀਦਾਰੀ ਤੋਂ ਬਿਨਾਂ ਅਸੰਭਵ ਹੈ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਖਾਲੀ ਪਲਾਟਾਂ ਅਤੇ ਗਲੀਆਂ- ਸੜਕਾਂ ਵਿਚ ਕੂੜਾ ਨਾ ਸੁੱਟਣ ਅਤੇ ਸਮਾਜਿਕ ਤੇ ਧਾਰਮਿਕ ਸਮਾਗਮਾਂ ਤੋਂ ਬਾਅਦ ਸਫਾਈ ਨੂੰ ਯਕੀਨੀ ਬਣਾਉਣ। ਠੋਸ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾਉਣ ਲਈ ਅੱਜ ਇਕ ਵੈਨ ਲਾਂਚ ਕੀਤੀ ਗਈ, ਜੋ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੀ ਗਲੀਆਂ ਮੁਹੱਲੇ ਆਦਿ ਵਿਚ ਘੁੰਮੇਗੀ। ਇਸ ਮੌਕੇ ਡਾ. ਕਿਰਨ ਕੁਮਾਰ ਅਤੇ ਹੋਰ ਵੀ ਮੌਜੂਦ ਸਨ।