...ਤੇ ਹੁਣ ਪੈਟਰੋਲ ਪੰਪਾਂ ਦੇ ਮੁਲਾਜ਼ਮ ਕਰ ਰਹੇ ਗਾਹਕਾਂ ਦੀ ‘ਉਡੀਕ’
..........ਤੇ ਹੁਣ ਪੈਟਰੋਲ ਪੰਪਾਂ ਦੇ ਮੁਲਾਜਮ ਕਰ ਰਹੇ ਗ੍ਰਾਹਕਾਂ ਦੀ ‘ਉਡੀਕ’
Publish Date: Tue, 31 Mar 2026 07:41 PM (IST)
Updated Date: Wed, 01 Apr 2026 04:16 AM (IST)

ਫੋਟੋ-21-22-23 ਕੈਪਸ਼ਨ : ਗ੍ਰਾਹਕਾਂ ਦੀ ਉਡੀਕ ’ਚ ਖਾਲੀ ਪਿਆ ਸ਼ਹਿਰ ਦਾ ਇਕ ਪੈਟਰੋਲ ਪੰਪ। ਸਮਾਜ ਸੇਵਕ ਵੀਰ ਵਿਜੇ ਕੁਮਾਰ। ਸਮਾਜ ਸੇਵਕ ਰਵੀ ਪ੍ਰਕਾਸ਼ ਆਸ਼ੂ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੱਧ ਪੂਰਬ ਯੁੱਧ ਕਾਰਨ ਪੈਟਰੋਲ ਖ਼ਤਮ ਹੋਣ ਦੀਆਂ ਅਫਵਾਹਾਂ ਕਾਰਨ ਪਿਛਲੇ ਹਫ਼ਤੇ ਵੀਰਵਾਰ ਤੋਂ ਲੋਕ ਸੜਕਾਂ ਤੇ ਉਤਰ ਆਏ ਸਨ। ਹਾਲਾਂਕਿ ਹੁਣ ਤਾਜ਼ਾ ਸਥਿਤੀ ’ਚ ਮੰਗਲਵਾਰ ਨੂੰ ਪੈਟਰੋਲ ਪੰਪਾਂ ਦੇ ਮੁਲਾਜ਼ਮ ਗਾਹਕਾਂ ਦੀ ਉਡੀਕ ਕਰਦੇ ਦੇਖੇ ਗਏ। ਉਸ ਸਮੇਂ ਵੀ ਪੈਟਰੋਲ ਪੰਪਾਂ ਦੇ ਸੰਚਾਲਕਾਂ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਗ੍ਰਾਹਕਾਂ ਵਿਚ ਪੈਟਰੋਲ ਦੀ ਉਪਲਬਧਤਾ ਨੂੰ ਲੈ ਕੇ ਫੈਲੀਆਂ ਅਫਵਾਹਾਂ ਕਾਰਨ ਘਬਰਾਹਟ ਹੈ। ਮੰਗਲਵਾਰ ਨੂੰ ਸ਼ਹਿਰ ਦੇ ਜਿਆਦਾਤਰ ਪੈਟਰੋਲ ਪੰਪਾਂ ’ਤੇ ਦੇਖਿਆ ਗਿਆ ਕਿ ਪੈਟਰੋਲ-ਡੀਜਲ ਤਾਂ ਪੰਪ ’ਤੇ ਮੌਜੂਦ ਸੀ, ਪਰ ਵਾਹਨਾਂ ਵਿਚ ਭਰਵਾਉਣ ਲਈ ਲੋਕ ਨਾਮਾਤਰ ਸਨ। ਕੁਝ ਪੰਪਾਂ ’ਤੇ ਰੁਟੀਨ ਵਾਂਗ ਲੋਕ ਤੇਲ ਭਰਵਾ ਰਹੇ ਸਨ। ਬੱਸ ਸਟੈਂਡ, ਲਾਰੰਸ ਰੋਡ, ਹਾਲ ਗੇਟ, ਖਜਾਨਾ ਗੇਟ, ਪੁਤਲੀਘਰ, ਲੋਹਗੜ੍ਹ ਚੌਂਕ, ਛੇਹਰਟਾ, ਰਾਣੀ ਕਾ ਬਾਗ, ਮਜੀਠਾ ਰੋਡ, ਫਤਿਹਗੜ੍ਹ ਚੂੜੀਆਂ ਰੋਡ ਆਦਿ ਵੱਖ-ਵੱਖ ਪੈਟਰੋਲ ਪੰਪਾਂ ’ਤੇ ਹਾਲਾਤ ਆਮ ਹੀ ਸਨ। ਜਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਬਣੀ ਅਫਵਾਹਾਂ ਕਾਰਨ ਬਣੀ ਗੰਭੀਰ ਸਥਿਤੀ ਕਾਰਨ ਲੋਕ ਕੈਨੀਆਂ ਅਤੇ ਡਰੰਮਾਂ ਵਿਚ ਵੀ ਤੇਲ ਭਰਵਾਉਣ ਲਈ ਪੰਪਾਂ ਤੇ ਪੱੁਜ ਗਏ ਸਨ। ਪਰ ਫਿਰ ਵੀ ਪੰਪ ਸੰਚਾਲਕਾਂ ਵਲੋਂ ਲੋੜੀਂਦੀ ਮਾਤਰਾ ਅਨੁਸਾਰ ਹੀ ਪੈਟਰੋਲ ਦਿੱਤਾ ਜਾ ਰਿਹਾ ਸੀ। ਇਥੇ ਵੀ ਦੱਸਣਯੋਗ ਹੈ ਕਿ ਬੀਤੇ ਦਿਨੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਫਵਾਵਾਂ ਤੇ ਯਕੀਨ ਨਾ ਕਰਨ ਦੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਸੀ ਕਿ ਜਿਲ੍ਹੇ ਵਿਚ ਸਪਲਾਈ ਸੁਚਾਰੂ ਰੂਪ ਵਿੱਚ ਜਾਰੀ ਹੈ। ਫਿਰ ਵੀ ਲੋਕ ਪੈਨਿਕ ਸਥਿਤੀ ਨਾ ਬਣਾਉਣ ਅਤੇ ਬਿਨਾ ਲੋੜ ਜਮ੍ਹਾਂਖੋਰੀ ਗਲਤ ਹੈ। ਲੋਕ ਅਫਵਾਹਾਂ ਤੋਂ ਸੁਚੇਤ ਰਹਿਣ : ਵੀਰ ਵਿਜੇ ਭਾਰਤੀ ਵਾਲਮੀਕਿ ਯੂਥ ਸੈਨਾ ਦੇ ਚੇਅਰਮੈਨ ਤੇ ਸਮਾਜ ਸੇਵਕ ਵੀਰ ਵਿਜੇ ਕੁਮਾਰ ਨੇ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਜਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਸਹੀ ਜਾਣਕਾਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਪਰ ਫਿਰ ਵੀ ਲੋਕ ਸੋਸ਼ਲ ਮੀਡੀਆ ’ਤੇ ਫੈਲ ਜਾਂਦੀਆਂ ਅਫਵਾਹਾਂ ਕਾਰਨ ਪੈਨਿਕ ਹੋ ਜਾਂਦੇ ਹਨ। ਅਜਿਹੀਆਂ ਪੋਸਟਾਂ ਵਾਇਰਲ ਕਰਨ ਵਾਲੇ ਵੀ ਸੋਚ ਸਮਝ ਕੇ ਗਲਤ ਸੂਚਨਾਵਾਂ ਨੂੰ ਅੱਗੇ ਨਾ ਵਧਾਉਣ। ਅਫਵਾਹਾਂ ਫੈਲਾਉਣ ਵਾਲਿਆਂ ’ਤੇ ਕਾਰਵਾਈ ਹੋਵੇ : ਆਸ਼ੂ ਸਮਾਜ ਸੇਵਕ ਰਵੀ ਪ੍ਰਕਾਸ਼ ਆਸ਼ੂ ਨੇ ਕਿਹਾ ਕਿ ਸੋਸ਼ਲ਼ ਮੀਡੀਆ ’ਤੇ ਗਲਤ ਅਫਵਾਹਾਂ ਫੈਲਾਉਣ ਵਾਲਿਆਂ ’ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵੀ ਕਿਸ ਨੇ ਬਿਜਲੀ ਮੁਫਤ ਹੋਣ ਸਬੰਧੀ ਗਲਤ ਅਫਵਾਹ ਫੈਲਾ ਕੇ ਜਿਲ੍ਹਾ ਕਚਹਿਰੀ ਕੰਪਲੈਕਸ ਤੋਂ ਫਾਰਮ ਮਿਲਣ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਕਚਹਿਰੀ ਵਿਖੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ ਅਤੇ ਇਸ ਭੀੜ ਨੂੰ ਕੰਟਰੋਲ ਕਰਨ ਲਈ ਪੁਲਿਸ ਬਲ ਤਾਇਨਾਤ ਕਰਨਾ ਪਿਆ ਸੀ। ਰਵੀ ਸੂਦ ਨੇ ਕਿਹਾ ਕਿ ਅਜਿਹੀਆਂ ਗਲਤ ਜਾਣਕਾਰੀਆਂ ਦੇਣ ਵਾਲੇ ਲੋਕਾਂ ਖਿਲਾਫ ਪ੍ਰਸ਼ਾਸਨ ਨੂੰ ਸ਼ਿਕੰਜਾ ਕੱਸਣਾ ਚਾਹੀਦਾ ਹੈ।